ਲੰਡਨ (ਏਜੰਸੀਆਂ) : ਬਰਤਾਨੀਆ ਦੀ ਮੈਡੀਸਨ ਰੈਗੂਲੇਟਰੀ ਨੇ ਕਿਹਾ ਕਿ ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ 30 ਲੋਕਾਂ 'ਚ ਬਲੱਡ ਕਲਾਟਿੰਗ (ਖ਼ੂਨ ਦੇ ਧੱਬੇ ਜੰਮ ਜਾਣੇ) ਦੇ ਮਾਮਲੇ ਪਾਏ ਗਏ ਹਨ ਤੇ ਇਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

ਮੈਡੀਸਨ ਐਂਡ ਹੈਲਥਕੇਅਰ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਦੀ ਚੀਫ ਐਗਜ਼ੀਕਿਊਟਿਵ ਜੂਨ ਰੇਨੇ ਨੇ ਕਿਹਾ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਹੋਣ ਵਾਲੇ ਫਾਇਦਿਆਂ ਦੇ ਮੁਕਾਬਲੇ ਬਲੱਡ ਕਲਾਟਿੰਗ ਦਾ ਖ਼ਤਰਾ ਬਹੁਤ ਮਾਮੂਲੀ ਹੈ। ਇਸ ਲਈ ਲੋਕਾਂ ਨੂੰ ਇਹ ਵੈਕਸੀਨ ਲੈਣੀ ਬੰਦ ਨਹੀਂ ਕਰਨੀ ਚਾਹੀਦੀ।

ਏਜੰਸੀ ਨੇ ਕਿਹਾ ਕਿ ਇਹ ਮਾਮਲੇ 24 ਮਾਰਚ ਤਕ ਦੇ ਹਨ, ਜਿਸ ਦੌਰਾਨ ਇਸ ਵੈਕਸੀਨ ਦੀਆਂ 1.81 ਕਰੋੜ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ। ਫਾਈਜ਼ਰ-ਬਾਇਓਐੱਨਟੈੱਕ ਦੀ ਵੈਕਸੀਨ ਨਾਲ ਜੁੜਿਆ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਐਸਟ੍ਰਾਜ਼ੈਨੇਕਾ ਦੀ ਵੈਕਸੀਨ ਦੇਣ ਤੋਂ ਬਾਅਦ ਬਲੱਡ ਕਲਾਟਿੰਗ ਭਾਵ ਖ਼ੂਨ ਦੇ ਧੱਬੇ ਜੰਮਣ ਦੇ ਕੁਝ ਮਾਮਲੇ ਦੂਸਰੇ ਦੇਸ਼ਾਂ 'ਚ ਵੀ ਮਿਲੇ ਹਨ, ਇਸ ਕਾਰਨ ਵੈਕਸੀਨ ਨੂੰ ਲੈ ਕੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਅਤੇ ਜਰਮਨੀ ਨੇ 60 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਨੂੁੰ ਇਹ ਵੈਕਸੀਨ ਲਗਾਉਣ 'ਤੇ ਰੋਕ ਲਗਾ ਦਿੱਤੀ ਹੈ।

ਹਾਲਾਂਕਿ ਬਰਤਾਨੀਆ ਨੇ ਕਿਹਾ ਕਿ ਇਹ ਵੈਕਸੀਨ ਹਰ ਉਮਰ ਵਰਗ ਦੇ ਲੋਕਾਂ ਲਈ ਸੁਰੱਖਿਅਤ ਹੈ। ਯੂਰਪੀ ਸੰਘ ਦੀ ਦਵਾ ਰੈਗੂਲੇਟਰੀ ਏਜੰਸੀ ਨੇ ਵੀ ਇਸ ਨੂੰ ਸੁਰੱਖਿਅਤ ਦੱਸਿਆ ਹੈ, ਹਾਲਾਂਕਿ ਉਸ ਦੇ ਕੁਝ ਮੈਂਬਰ ਦੇਸ਼ਾਂ ਨੇ ਇਸ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਉਹ ਇਸ ਬਾਰੇ ਹੋਰ ਸਲਾਹ ਲੈਣ ਦੀ ਤਿਆਰੀ 'ਚ ਹਨ।

ਟੀਕਾਕਰਨ ਦਾ ਦਿਸਿਆ ਲਾਭ

ਬਰਤਾਨੀਆ 'ਚ ਹੁਣ ਤਕ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ, ਇਨ੍ਹਾਂ 'ਚੋਂ 1.8 ਕਰੋੜ ਵੈਕਸੀਨ ਐਸਟ੍ਰਾਜ਼ੈਨੇਕਾ ਦੀ ਹੈ। ਵੈਕਸੀਨ ਲਗਾਉਣ ਨਾਲ ਹਾਲਾਤ 'ਚ ਸੁਧਾਰ ਆਉਣ ਲੱਗਾ ਹੈ। ਕੋਰੋਨਾ ਪੀੜਤ ਲੋਕਾਂ ਦੇ ਨਾਲ ਹੀ ਰੋਜ਼ਾਨਾ ਮੌਤਾਂ ਦੀ ਗਿਣਤੀ ਵੀ ਘੱਟ ਹੋਈ ਹੈ। ਪਿਛਲੇ ਇਕ ਹਫ਼ਤੇ ਦੌਰਾਨ ਇਕ ਲੱਖ ਲੋਕਾਂ 'ਤੇ ਇਨਫੈਕਸ਼ਨ ਦੇ ਅੌਸਤ 55 ਮਾਮਲੇ ਮਿਲੇ ਹਨ ਜਦੋਂਕਿ ਪਹਿਲਾਂ ਇਹ ਗਿਣਤੀ ਬਹੁਤ ਜ਼ਿਆਦਾ ਸੀ।