ਲੰਡਨ (ਏਐੱਨਆਈ) : ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਬਲੋਚਿਸਤਾਨ ਦੀ ਆਜ਼ਾਦੀ ਦੇ ਸਮਰਥਕ ਹਜ਼ਾਰਾਂ ਸਿਆਸੀ ਵਰਕਰਾਂ ਦੀ ਰਿਹਾਈ ਲਈ ਲੰਡਨ 'ਚ ਵਿਸ਼ਾਲ ਵਿਰੋਧ ਮੁਜ਼ਾਹਰਾ ਹੋਇਆ। ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਬਲੋਚ ਸਿਆਸੀ ਵਰਕਰ ਬਰਤਾਨੀਆ ਦੇ ਪੀਐੱਮ ਬੋਰਿਸ ਜੌਨਸਨ ਦੇ ਨਿਵਾਸ ਦੇ ਬਾਹਰ ਇਕੱਠੇ ਹੋਏ ਤੇ ਉਨ੍ਹਾਂ ਤੋਂ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ। ਲਾਪਤਾ ਲੋਕਾਂ ਦੇ ਕੌਮਾਂਤਰੀ ਦਿਵਸ 'ਤੇ ਹੋਏ ਇਹ ਮੁਜ਼ਾਹਰਾ ਬਲੋਚ ਨੈਸ਼ਨਲ ਮੂਵਮੈਂਟ (ਬੀਐੱਨਐੱਮ) ਦੀ ਬਰਤਾਨੀਆ ਸ਼ਾਖਾ ਨੇ ਕੀਤਾ ਸੀ।

ਮੁਜ਼ਾਹਰੇ ਦੌਰਾਨ ਪਾਕਿ ਫ਼ੌਜ ਖ਼ਿਲਾਫ਼ ਨਾਅਰੇ ਲਗਾਏ ਗਏ। ਮੁਜ਼ਾਹਰਾਕਾਰੀਆਂ ਨੇ ਫ਼ੌਜ 'ਤੇ ਬਲੋਚਾਂ ਦੇ ਅਗਵਾ ਤੇ ਉਨ੍ਹਾਂ ਦੀ ਹੱਤਿਆ ਦਾ ਦੋਸ਼ ਲਗਾਇਆ। ਬੀਐੱਨਐੱਮ ਨੇਤਾ ਹਕੀਮ ਬਲੋਚ ਨੇ ਕਿਹਾ, 'ਬਲੋਚ ਮੂਵਮੈਂਟ ਦੇ ਵਰਕਰਾਂ ਨੂੰ ਪਾਕਿਸਤਾਨ ਫ਼ੌਜ ਦੀ ਕਰੂਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇੱਥੇ ਇਸ ਲਈ ਇਕੱਠੇ ਹੋਏ ਹਾਂ ਤਾਂਕਿ ਦੁਨੀਆ ਨੂੰ ਬਲੋਚ ਲੋਕਾਂ 'ਤੇ ਹੋਣ ਵਾਲੀ ਹਿੰਸਾ ਬਾਰੇ ਦੱਸ ਸਕੀਏ।' ਮੁਜ਼ਾਹਰੇ ਤੋਂ ਬਾਅਦ ਬੀਐੱਨਐੱਮ ਨੇ ਪ੍ਰਧਾਨ ਮੰਤਰੀ ਜੌਨਸਨ ਨੂੰ ਮੰਗ ਪੱਤਰ ਦੇ ਕੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਵਿੱਤੀ ਮਦਦ ਰੋਕਣ ਤੇ ਬਲੋਚਾਂ ਦੀ ਰਿਹਾਈ ਲਈ ਪਾਕਿ 'ਤੇ ਦਬਾਅ ਪਾਉਣ ਦੀ ਮੰਗ ਕੀਤੀ। ਮੰਗ ਪੱਤਰ ਮੁਤਾਬਕ, ਪਾਕਿਸਤਾਨ 'ਚ 20 ਹਜ਼ਾਰ ਤੋਂ ਜ਼ਿਆਦਾ ਮਨੁੱਖੀ ਅਧਿਕਾਰ ਵਰਕਰ, ਅਧਿਆਪਕ, ਪੱਤਰਕਾਰ, ਵਿਦਿਆਰਥੀ, ਵਕੀਲ ਤੇ ਸਿਆਸੀ ਵਰਕਰ ਲਾਪਤਾ ਹੋ ਚੁੱਕੇ ਹਨ। ਛੇ ਹਜ਼ਾਰ ਦੀ ਜਾਂ ਤਾਂ ਹਿਰਾਸਤ 'ਚ ਹੀ ਹੱਤਿਆ ਕਰ ਦਿੱਤੀ ਗਈ ਹੈ ਜਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਮੰਗ ਪੱਤਰ ਰਾਹੀਂ ਮੁਜ਼ਾਹਰਾਕਾਰੀਆਂ ਨੇ ਕਿਹਾ, 'ਸੰਯੁਕਤ ਰਾਸ਼ਟਰ ਦੇ ਨਾਲ ਹੀ ਸਥਾਨਕ ਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਤੇ ਪਾਕਿ ਦਾ ਨਿਆਂ ਤੰਤਰ ਵੀ ਇਹ ਮੰਨਦਾ ਹੈ ਕਿ ਬਲੋਚਾਂ ਦੇ ਗ਼ਾਇਬ ਹੋਣ 'ਚ ਫ਼ੌਜ ਦਾ ਹੱਥ ਹੈ। ਇਸ ਤੋਂ ਬਾਅਦ ਵੀ ਹੁਣ ਤਕ ਨਾ ਤਾਂ ਕਿਸੇ 'ਤੇ ਮੁਕੱਦਮਾ ਚੱਲਿਆ ਤੇ ਨਾ ਹੀ ਕਿਸੇ ਨੂੰ ਸਜ਼ਾ ਹੋਈ।'