ਨਵੀਂ ਦਿੱਲੀ (ਏਜੰਸੀ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਦੇਸ਼ੀ ਵਿਦਿਆਰਥੀਆਂ ਦੀ ਐਂਟਰੀ ’ਤੇ ਲਗਾਮ ਲਗਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਇਮੀਗ੍ਰੇਸ਼ਨ ਅੰਕਡ਼ਿਆਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਇਸ ਲਈ ਪ੍ਰਧਾਨ ਮੰਤਰੀ ਇਸ ਕਦਮ ’ਤੇ ਵਿਚਾਰ ਕਰ ਰਹੇ ਹਨ। ਇਸ ਤਹਿਤ ਸਿਖਰ ਯੂਨੀਵਰਸਿਟੀਆਂ ਵਿਚ ਦਾਖ਼ਲੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਵਾਲੇ ਵੀਜ਼ੇ ’ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।

ਇਸ ਵਿਚਾਲੇ ਸਰਕਾਰ ਦੇ ਮਾਈਗ੍ਰੇਸ਼ਨ ਸਲਾਹਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਬ੍ਰਿਟੇਨ ਦੀਆਂ ਕਈ ਯੂਨੀਵਰਸਿਟੀਆਂ ਕੰਗਾਲ ਹੋ ਸਕਦੀਆਂ ਹਨ। ਬ੍ਰਿਟੇਨ ਦੀ ਅਰਥ-ਵਿਵਸਥਾ ਲਈ ਵੀ ਇਹ ਕਦਮ ਹਾਨੀਕਾਰਕ ਹੋ ਸਕਦਾ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਨੇ ਮਤੇ ਦਾ ਵਿਰੋਧ ਕਰਦੇ ਹੋਏ ਸਕਾਟਲੈਂਡ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2020-21 ਵਿਚ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 605,130 ਸੀ, ਜਿਹਡ਼ੀ ਪਿਛਲੇ ਸਾਲ ਦੇ ਕੁਲ 556,625 ਵਿਦਿਆਰਥੀਆਂ ਤੋਂ 8.71 ਫ਼ੀਸਦੀ ਵੱਧ ਸੀ। ਵਿਦੇਸ਼ੀ ਵਿਦਿਆਰਥੀਆਂ ਨੇ ਸਾਲ 2020-21 ਲਈ ਟਿਊਸ਼ਨ ਫ਼ੀਸ ਦੇ ਰੂਪ ਵਿਚ ਕੁਲ 9.95 ਬਿਲੀਅਨ ਪੌਂਡ ਦਾ ਭੁਗਤਾਨ ਕੀਤਾ।

ਚੀਨ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਵੱਧ ਵੀਜ਼ਾ

ਪੀਟੀਆਈ ਮੁਤਾਬਕ, ਬ੍ਰਿਟੇਨ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚਾਲੇ ਚੀਨ ਨੂੰ ਪਛਾਡ਼ ਕੇ ਭਾਰਤੀ ਵਿਦਿਆਰਥੀਆਂ ਦਾ ਸਮੂਹ ਪਹਿਲੀ ਵਾਰ ਸਭ ਤੋਂ ਵੱਡਾ ਹੋ ਗਿਆ ਹੈ। ਵੀਰਵਾਰ ਨੂੰ ਜਾਰੀ ਇੰਮੀਗ੍ਰੇਸ਼ਨ ਅੰਕਡ਼ਿਆਂ ਮੁਤਾਬਕ 2019 ਦੇ 34,261 ਦੇ ਮੁਕਾਬਲੇ ਸਤੰਬਰ 2022 ਵਿਚ ਸਮਾਪਤ ਸਾਲ ਵਿਚ ਭਾਰਤੀਆਂ ਨੂੰ 1,27,731 ਅਧਿਐਨ ਵੀਜ਼ੇ ਜਾਰੀ ਕੀਤੇ ਗਏ ਜੋ 93,470 (273 ਫ਼ੀਸਦੀ) ਵੱਧ ਹਨ। ਬ੍ਰਿਟੇਨ ਵਿਚ ਅਧਿਐਨ ਵੀਜ਼ਾ ਹਾਸਲ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਚੀਨ ਦੇ ਨਾਗਰਿਕ ਦੂਜੇ ਸਥਾਨ ’ਤੇ ਹਨ। ਸਤੰਬਰ 2022 ਵਿਚ ਖ਼ਤਮ ਹੋਏ ਸਾਲ ਵਿਚ 1,16,476 ਚੀਨੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ।

Posted By: Seema Anand