ਲੰਡਨ (ਰਾਇਟਰ) : ਬਰਤਾਨੀਆ 'ਚ ਬ੍ਰੈਗਜ਼ਿਟ ਨੂੰ ਲੈ ਕੇ ਮੁੜ ਤੋਂ ਪੇਚ ਫਸਣ ਦੇ ਆਸਾਰ ਪੈਦਾ ਹੋ ਰਹੇ ਹਨ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬਿਨਾਂ ਸ਼ਰਤ ਯੂਰਪੀ ਯੂਨੀਅਨ ਤੋਂ ਬਾਹਰ ਆਉਣ ਦੇ ਸੰਕੇਤਾਂ ਵਿਚਕਾਰ ਵਿਰੋਧੀ ਧਿਰ ਲੇਬਰ ਪਾਰਟੀ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਸੰਸਦ 'ਚ ਮਤਾ ਪਾਸ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਉਸ ਨੂੰ ਸੱਤਾਧਾਰੀ ਦਲ ਕੰਜ਼ਰਵੇਟਿਵ ਪਾਰਟੀ ਦੇ ਵੀ ਕੁਝ ਸੰਸਦ ਮੈਂਬਰਾਂ ਦੀ ਹਮਾਇਤ ਮਿਲ ਰਹੀ ਹੈ। ਬੇਚੈਨ ਜੌਨਸਨ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਵਿਰੋਧੀ ਧਿਰ ਦੀ ਮੁਹਿੰਮ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਦਰਮਿਆਨ ਬਰਤਾਨੀਆ 'ਚ ਸੰਸਦ ਨੂੰ ਮੁਅੱਤਲ ਕਰਨ ਦੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਦੇ ਵਿਰੋਧ 'ਚ ਪ੍ਰਦਰਸ਼ਨ ਜਾਰੀ ਹਨ।

ਬਰਤਾਨੀਆ 'ਚ 31 ਅਕਤੂਬਰ ਨੂੰ ਬ੍ਰੈਗਜ਼ਿਟ ਦੀ ਪ੍ਰਕਿਰਿਆ ਪੂਰੀ ਹੋਣ 'ਚ ਸ਼ੱਕ ਪੈਦਾ ਹੋਣ ਲੱਗਾ ਹੈ, ਕਿਉਂਕਿ ਵਿਰੋਧੀ ਧਿਰ ਲੇਬਰ ਪਾਰਟੀ ਨੇ ਬਿਨਾਂ ਸ਼ਰਤ ਸਬੰਧ ਤੋੜਨ ਦੇ ਵਿਰੋਧ 'ਚ ਮੁਹਿੰਮ ਛੇੜ ਦਿੱਤੀ ਹੈ। ਵਿਰੋਧੀ ਧਿਰ ਦੀ ਇਸ ਮੁਹਿੰਮ ਨੂੰ ਸੱਤਾ ਧਿਰ ਦੇ ਕੁਝ ਸੰਸਦ ਮੈਂਬਰਾਂ ਤੇ ਬ੍ਰੈਗਜ਼ਿਟ ਵਿਰੋਧੀ ਲਾਬੀ ਦੀ ਵੀ ਹਮਾਇਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਜੌਨਸਨ ਨੇ ਬੈ੍ਗਜ਼ਿਟ ਨਾਲ ਸਬੰਧਤ ਮਤੇ ਦੇ ਸੰਸਦ 'ਚ ਪਾਸ ਹੋਣ ਦੀ ਸੰਭਾਵਨਾ ਨਾ ਵੇਖਦੇ ਹੋਏ ਮਹਾਰਾਣੀ ਨੂੰ ਭਰੋਸੇ 'ਚ ਲੈ ਕੇ ਸੰਸਦ ਨੂੰ ਮੁਅੱਤਲ ਕਰਵਾ ਦਿੱਤਾ। ਪਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਹੁਣ ਮਤਾ ਪਾਸ ਕਰ ਕੇ ਸਰਕਾਰ ਦੀ ਬਿਨਾਂ ਸ਼ਰਤ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਰੋਕਣ ਦੀ ਕੋਸ਼ਿਸ਼ 'ਚ ਲੱਗ ਗਏ ਹਨ। ਲੇਬਰ ਪਾਰਟੀ ਦੇ ਤਰਜਮਾਨ ਕੀਰ ਸਟਾਰਮਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ, ਮੰਗਲਵਾਰ ਨੂੰ ਅਸੀਂ ਆਪਣੀ ਯੋਜਨਾ ਜਨਤਕ ਕਰਾਂਗੇ। ਸਾਡਾ ਉਦੇਸ਼ ਬਹੁਤ ਸਾਫ਼ ਹੈ। ਅਸੀਂ ਬਿਨਾਂ ਸ਼ਰਤ ਯੂਰਪੀ ਯੂਨੀਅਨ ਛੱਡਣ ਦੀ ਜੌਨਸਨ ਦੀ ਯੋਜਨਾ ਨੂੰ ਰੋਕਣਾ ਚਾਹੁੰਦੇ ਹਾਂ। ਇਹ ਕੰਮ ਅਸੀਂ 31 ਅਕਤੂਬਰ ਨੂੰ ਵੀ ਕਰ ਸਕਦੇ ਹਾਂ ਤੇ ਬ੍ਰੈਗਜ਼ਿਟ ਨੂੰ ਪੂਰਾ ਕਰਨ ਲਈ ਹੋਰ ਸਮਾਂ ਦੇ ਸਕਦੇ ਹਾਂ। ਬ੍ਰੈਗਜ਼ਿਟ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਹਿਯੋਗੀ ਮੰਤਰੀ ਮਾਈਕਲ ਗੋਵ ਨੇ ਵਿਰੋਧੀ ਧਿਰ ਦੀ ਮੁਹਿੰਮ ਦੇ ਅਸਫਲ ਹੋਣ ਦੀ ਭਵਿੱਖਵਾਣੀ ਕੀਤੀ ਹੈ। ਕਿਹਾ ਹੈ ਕਿ ਸੰਸਦ ਦਾ ਬਹੁਮਤ ਪ੍ਰਧਾਨ ਮੰਤਰੀ ਦੇ ਨਾਲ ਹੈ, ਇਸ ਲਈ ਬ੍ਰੈਗਜ਼ਿਟ 'ਚ ਰੁਕਾਵਟ ਪਾਉਣ ਦੀ ਵਿਰੋਧੀ ਧਿਰ ਦੀ ਕੋਈ ਵੀ ਮੁਹਿੰਮ ਸਫਲ ਨਹੀਂ ਹੋਵੇਗੀ।