ਲੰਡਨ (ਰਾਇਟਰ) : ਲੰਡਨ 'ਚ ਸ਼ਨਿਚਰਵਾਰ ਨੂੰ ਬ੍ਰੈਗਜ਼ਿਟ ਨੂੰ ਲੈ ਕੇ ਇਕ ਲੜਾਈ ਬਰਤਾਨੀਆ ਦੀ ਸੰਸਦ 'ਚ ਛਿੜੀ ਹੋਈ ਸੀ, ਤਾਂ ਦੂਜੀ ਲੜਾਈ ਰਾਜਧਾਨੀ ਦੀਆਂ ਸੜਕਾਂ 'ਤੇ ਚੱਲ ਰਹੀ ਸੀ। ਯੂਰਪੀ ਯੂਨੀਅਨ (ਈਯੂ) ਤੋਂ ਵੱਖ ਹੋਣ ਦੇ ਵਿਰੋਧ 'ਚ ਲੱਖਾਂ ਲੋਕ ਸੜਕਾਂ 'ਤੇ ਸਨ ਤੇ ਉਹ ਬ੍ਰੈਗਜ਼ਿਟ ਦੇ ਮੁੱਦੇ 'ਤੇ ਨਵੀਂ ਰਾਇਸ਼ੁਮਾਰੀ ਦੀ ਮੰਗ ਕਰ ਰਹੇ ਸਨ। ਰੰਗ ਬਿਰੰਗੇ ਕੱਪੜੇ ਪਾ ਕੇ ਮੁਜ਼ਾਹਰਾਕਾਰੀ ਹੱਥ 'ਚ ਈਯੂ ਦਾ ਝੰਡਾ ਲੈ ਕੇ ਨਾਅਰੇ ਲਗਾ ਰਹੇ ਸਨ।

ਈਯੂ ਦਾ ਝੰਡਾ ਲਪੇਟੀ ਮੁਜ਼ਾਹਰੇ 'ਚ ਸ਼ਾਮਲ 56 ਸਾਲ ਦੀ ਹੈਨਾ ਬਾਰਟਨ ਦਾ ਕਹਿਣਾ ਸੀ, ਸਾਡੀ ਆਵਾਜ਼ ਨਹੀਂ ਸੁਣੀ ਜਾ ਰਹੀ। ਸਾਰੇ ਐਗਜ਼ਿਟ ਪੋਲ ਦੱਸ ਰਹੇ ਸਨ ਕਿ ਬਰਤਾਨੀਆ ਦੇ ਈਯੂ 'ਚ ਬਣੇ ਰਹਿਣ ਦਾ ਨਤੀਜਾ ਆ ਰਿਹਾ ਹੈ। ਪਰ ਅਚਾਨਕ ਸਾਨੂੰ ਪਤਾ ਲੱਗਾ ਕਿ ਵਖਰੇਵੇਂ ਦੇ ਹੱਕ 'ਚ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ। ਉਸ ਤੋਂ ਬਾਅਦ ਅਸੀਂ ਨਿਸ਼ਬਦ ਹੋ ਗਏ। ਦੇਸ਼ ਦੀ ਭਲਾਈ ਲਈ ਸਾਡੀ ਆਵਾਜ਼ ਸੁਣੀ ਜਾਵੇ। ਜ਼ਿਕਰਯੋਗ ਹੈ ਕਿ ਜੂਨ 2016 'ਚ ਈਯੂ ਤੋਂ ਵਖਰੇਵੇਂ ਦੇ ਮੁੱਦੇ 'ਤੇ ਬਰਤਾਨੀਆ 'ਚ ਰਾਇਸ਼ੁਮਾਰੀ ਹੋਈ ਸੀ। ਈਯੂ ਛੱਡਣ ਦੇ ਪੱਖ 'ਚ 52 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ ਸਨ ਜਦਕਿ ਵਿਰੋਧ 'ਚ 48 ਫ਼ੀਸਦੀ ਸਨ। ਸਿਰਫ਼ ਦੋ ਫ਼ੀਸਦੀ ਵੋਟਰਾਂ ਦੀ ਹਾਂ ਨਾਲ ਬਰਤਾਨੀਆ ਨੂੰ ਈਯੂ ਤੋਂ 47 ਸਾਲ ਪੁਰਾਣਾ ਰਿਸ਼ਤਾ ਤੋੜਨ ਲਈ ਅੱਗੇ ਵਧਣਾ ਪਿਆ। ਈਯੂ ਨੂੰ ਦੁਨੀਆ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਕਾਰੋਬਾਰੀ ਸਮੂਹ ਮੰਨਿਆ ਜਾਂਦਾ ਹੈ। ਇਸ 'ਚ ਬਰਤਾਨੀਆ ਸਮੇਤ 28 ਦੇਸ਼ ਸ਼ਾਮਲ ਹਨ। ਇਸ 'ਚ ਬਰਤਾਨੀਆ, ਜਰਮਨੀ ਤੇ ਫਰਾਂਸ ਜਿਹੇ ਵੱਡੇ ਅਰਥਚਾਰਿਆਂ ਵਾਲੇ ਦੇਸ਼ ਹਨ।