ਲੰਡਨ : ਲੰਡਨ ਦੀ 41 ਸਾਲਾ ਭਾਰਤੀ ਮੂਲ ਦੀ ਔਰਤ ਨੂੰ ਬਕਿੰਘਮਸ਼ਾਇਰ ਸਥਿਤ ਸੰਗਠਿਤ ਅਪਰਾਧ ਸਮੂਹ ਲਈ ਨਕਦੀ ਤੇ ਡਰੱਗ ਕੋਰੀਅਰ ਦੇ ਰੂਪ ’ਚ ਕੰਮ ਕਰਨ ਲਈ ਚਾਰ ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਾਊਥ ਈਸਟ ਰੀਜਨਲ ਆਰਗਨਾਈਜ਼ਡ ਕਰਾਈਮ ਯੂਨਿਟ (ਐੱਸਈਆਰਓਸੀਯੂ) ਦੀ ਜਾਂਚ ਤੋਂ ਬਾਅਦ ਲੰਡਨ ਦੇ ਪਾਕਲਿੰਗਟਨ ਕਲੋਜ਼ ਦੀ ਮਨਦੀਪ ਕੌਰ ਨੂੰ ਜੂਨ 2020 ’ਚ ਨਕਦ 50,000 ਪੌਂਡ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਆਯਲੇਸਬਰੀ ਕਰਾਊਨ ਕੋਰਟ ’ਚ ਦੋ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਪਿਛਲੇ ਹਫ਼ਤੇ ਜਿਊਰੀ ਨੇ ਬਹੁਮਤ ਨਾਲ ਉਸ ਨੂੰ ਕਲਾਸ-ਏ ਡਰੱਗ ਦੀ ਸਪਲਾਈ ਕਰਨ ਦੀ ਸਾਜ਼ਿਸ਼ ’ਚ ਦੋਸ਼ੀ ਪਾਇਆ।

ਜਾਂਚ ਅਧਿਕਾਰੀ ਐੱਸਈਆਰਓਸੀਯੂ ਦੇ ਡਿਟੈਕਟਿਵ ਕਾਂਸਟੇਬਲ ਡੇਲ ਲੈਸਟਰ ਨੇ ਕਿਹਾ ਕਿ ਸੰਗਠਿਤ ਅਪਰਾਧ ਸਮੂਹ ’ਚ ਮਨਦੀਪ ਕੌਰ ਦੀ ਹਿੱਸੇਦਾਰੀ ਅਹਿਮ ਸੀ। ਉਨ੍ਹਾਂ ਕਿਹਾ ਕਿ ਮਨਦੀਪ ਨੇ ਆਰਥਿਕ ਲਾਭ ਲੈਣ ਲਈ ਇਕ ਕਿੱਲੋ ਕੋਕੀਨ ਖ਼ੁਦ ਵੇਚੀ ਸੀ। ਡਰੱਗ ਸਪਲਾਈ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਲਈ ਉਸ ਨੂੰ ਚਾਰ ਸਾਲ ਤੇ ਅੱਠ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਗ੍ਰਿਫ਼ਤਾਰੀ ਇਕ ਸੰਗਠਿਤ ਅਪਰਾਧ ਸਮੂਹ ਦੇ ਭਾਰਤੀ ਮੂਲ ਦੇ ਤਿੰਨ ਮੈਂਬਰਾਂ ਕੁਰਾਨ ਗਿਲ, ਜਗ ਸਿੰਘ ਤੇ ਗੋਵਿੰਦ ਬਾਹੀਆ ਦੇ ਜੇਲ੍ਹ ਜਾਣ ਤੋਂ ਕੁਝ ਦਿਨ ਬਾਅਦ ਹੋਈ।

Posted By: Jagjit Singh