ਲੰਡਨ (ਏਜੰਸੀ) : ਬਰਤਾਨੀਆ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਸੋਮਵਾਰ ਤੋਂ ਲਾਕਡਾਊਨ ਸਬੰਧੀ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ। ਇਸ ਨਾਲ ਇੰਗਲੈਂਡ ਦੇ ਲੋਕਾਂ ਨੇ ਸਭ ਤੋਂ ਵੱਧ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਨੂੰ ਕਿਹਾ ਕਿ ਉਹ ਚੌਕਸ ਰਹਿਣ। ਕਿਉਂਕਿ ਕੋਰੋਨਾ ਦੇ ਸਭ ਤੋਂ ਵੱਡੇ ਇਨਫੈਕਸ਼ਨ ਵਾਲੇ ਡੈਲਟਾ ਵੇਰੀਐਂਟ ਕਾਰਨ ਦੇਸ਼ 'ਚ ਇਨਫੈਕਸ਼ਨ ਦੀ ਦਰ ਲਗਾਤਾਰ ਵਧ ਰਹੀ ਹੈ। ਇਸ ਦੌਰਾਨ ਦੇਸ਼ ਭਰ 'ਚ ਬੀਤੇ 24 ਘੰਟਿਆਂ 'ਚ 48 ਹਜ਼ਾਰ 161 ਨਵੇਂ ਮਾਮਲੇ ਪਾਏ ਗਏ ਤੇ 25 ਪੀੜਤਾਂ ਦੀ ਮੌਤ ਹੋ ਗਈ ਹੈ।

ਬਰਤਾਨੀਆ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਬੀਤੇ ਜਨਵਰੀ 'ਚ ਰਾਸ਼ਟਰ ਪੱਧਰੀ ਲਾਕਡਾਊਨ ਲਗਾਇਆ ਗਿਆ ਸੀ। ਬਾਅਦ 'ਚ ਕੁਝ ਿਢੱਲ ਦਿੱਤੀ ਗਈ ਸੀ। ਬਾਕੀ ਪਾਬੰਦੀਆਂ ਖ਼ਤਮ ਕੀਤੀਆਂ ਗਈਆਂ। ਪਾਬੰਦੀਆਂ ਖ਼ਤਮ ਕਰਨ ਵਾਲੇ ਦਿਨ ਨੂੰ ਫਰੀਡਮ ਡੇਅ ਦੇ ਤੌਰ 'ਤੇ ਦੇਖਿਆ ਗਿਆ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਰਹਿ ਗਿਆ। ਲੋਕਾਂ ਨੂੰ ਜਨਤਕ ਟ੍ਾਂਸਪੋਰਟ ਤੇ ਦੁਕਾਨਾਂ 'ਚ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਵੱਡੇ ਸਟੇਡੀਅਮਾਂ ਨੂੰ ਪੂਰੀ ਦਰਸ਼ਕ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਡਿਸਕੋ, ਪਬ ਤੇ ਬਾਰ 'ਤੇ ਸਾਰੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਏਧਰ ਪ੍ਰਧਾਨ ਮੰਤਰੀ ਜੌਨਸਨ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਉਹ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਆ ਗਏ ਸਨ। ਸਿਹਤ ਮੰਤਰੀ ਸਾਜਿਦ ਜਾਵੇਦ ਵੀ ਪਾਜ਼ੇਟਿਵ ਪਾਏ ਗਏ ਹਨ।

ਇੱਥੇ ਰਿਹਾ ਇਹ ਹਾਲ

ਈਰਾਨ : ਕੋਰੋਨਾ ਇਨਫੈਕਸ਼ਨ ਫਿਰ ਵਧਣ 'ਤੇ ਰਾਜਧਾਨੀ ਤਹਿਰਾਨ ਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਸੋਮਵਾਰ ਤੋਂ ਇਕ ਹਫ਼ਤੇ ਲਈ ਲਾਕਡਾਊਨ ਫਿਰ ਲਗਾ ਦਿੱਤਾ ਗਿਆ ਹੈ।

ਆਸਟ੍ਰੇਲੀਆ : ਡੈਲਟਾ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਵਿਕਟੋਰੀਆ ਸੂਬੇ 'ਚ ਲਾਕਡਾਊਨ ਵਧਾਉਣ ਦੀ ਤਿਆਰੀ ਕੀਤੀ ਗਈ ਹੈ। ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

ਸ੍ਰੀਲੰਕਾ : ਇੱਥੇ ਡੈਲਟਾ ਵੇਰੀਐਂਟ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਕੋਲੰਬੋ 'ਚ ਮਿਲੇ ਨਵੇਂ ਮਾਮਲਿਆਂ 'ਚੋਂ 30 ਫ਼ੀਸਦੀ ਦਾ ਸਬੰਧ ਇਸੇ ਵੈਰੀਐਂਟ ਨਾਲ ਮਿਲਿਆ ਹੈ।

ਸਿੰਗਾਪੁਰ : ਕੋਰੋਨਾ ਦੇ ਨਵੇਂ ਕੇਸ ਵਧਣ 'ਤੇ ਪਾਬੰਦੀਆਂ 'ਚ ਰਾਹਤ ਦੇਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਹੈ। ਰੋਕਥਾਮ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ।