ਲੰਡਨ (ਏਐੱਨਆਈ) : ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਸੰਸਥਾਪਕ ਅਲਤਾਫ ਹੁਸੈਨ ਨੇ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਪੂਰੇ ਸਿੰਧ 'ਤੇ ਕਬਜ਼ਾ ਕਰ ਕੇ ਉਸ ਨੂੰ ਫ਼ੌਜੀ ਉਪਨਿਵੇਸ਼ ਬਣਾਉਣ ਦਾ ਮਨਸੂਬਾ ਪਾਲ ਰਹੀ ਹੈ। ਉਹ ਸਿੰਧ ਰੇਂਜਰਸ ਦੇ ਉਸ ਬਿਆਨ ਦੀ ਆਲੋਚਨਾ ਕਰ ਰਹੇ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਰਾਸ਼ਟਰ ਵਿਰੋਧੀ ਤੱਤ ਲੁੱਕ ਕੇ ਹਮਲੇ ਕਰ ਰਹੇ ਹਨ।

ਸਿੰਧ ਦੇ ਡੀਜੀ ਰੇਂਜਰਸ ਉਮਰ ਅਹਿਮਦ ਬੋਖਰ ਦੇ ਨਾਂ ਖੁੱਲ੍ਹੇ ਪੱਤਰ ਵਿਚ ਅਲਤਾਫ ਨੇ ਯਾਦ ਦਿਵਾਇਆ ਕਿ ਸਿੰਧ ਦੇ ਨਾਗਰਿਕਾਂ ਅਤੇ ਐੱਮਕਿਊਐੱਮ ਆਗੂਆਂ 'ਤੇ ਪਾਕਿਸਤਾਨੀ ਫ਼ੌਜ ਕਿਸ ਤਰ੍ਹਾਂ ਜ਼ੁਲਮ ਕਰ ਰਹੀ ਹੈ।

1992 ਵਿਚ ਵੀ 19 ਜੂਨ ਨੂੰ ਐੱਮਕਿਊਐੱਮ ਖ਼ਿਲਾਫ਼ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਸ ਰਾਤ ਕਤਲੇਆਮ ਸ਼ੁਰੂ ਹੋਇਆ ਅਤੇ ਐੱਮਕਿਊਐੱਮ ਵਰਕਰਾਂ ਨੂੰ ਗ਼ੈਰ-ਮਨੁੱਖੀ ਤਸੀਹੇ ਦਿੱਤੇ ਗਏ। ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਾਡੀਆਂ ਮਾਵਾਂ-ਭੈਣਾਂ ਨੂੰ ਵੀ ਸਤਾਇਆ ਗਿਆ। ਕੀ ਤਦ ਫ਼ੌਜੀ ਆਪਰੇਸ਼ਨ ਤੋਂ ਪਹਿਲੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਗ਼ੈਰ-ਮਨੁੱਖੀ ਵਿਹਾਰ ਕਰਨ ਵਾਲੇ ਹਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀਆਂ ਵੀ ਧੱਜੀਆਂ ਉੱਡਾ ਦੇਣਗੇ। ਅਲਤਾਫ ਦਾ ਇਹ ਪੱਤਰ ਰੇਂਜਰਸ ਬੁਲਾਰੇ ਦੇ ਬਿਆਨ ਦੀ ਪ੍ਰਤੀਕਿਰਿਆ ਵਜੋਂ ਆਇਆ ਹੈ।