ਲੰਡਨ (ਏਜੰਸੀ) : ਇੰਗਲੈਂਡ ਦੀ ਜਨ ਸਿਹਤ ਸੇਵਾ (ਪੀਐੱਚਈ) ਵੱਲੋਂ ਕਰਵਾਏ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਉੱਥੇ ਕੋਰੋਨਾ ਨਾਲ ਨਜਿੱਠਣ ਲਈ ਲਗਾਈ ਜਾ ਰਹੀ ਵੈਕਸੀਨ ਦੀ ਇਕ ਡੋਜ਼ ਵੀ ਬਹੁਤ ਕੰਮ ਦੀ ਹੁੰਦੀ ਹੈ। ਇਹ ਕੋਰੋਨਾ ਟ੍ਰਾਂਸਮਿਸ਼ਨ ਦੇ ਖ਼ਤਰੇ ਨੂੰ ਅੱਧਾ ਕਰ ਦਿੰਦੀ ਹੈ। ਬਰਤਾਨੀਆ 'ਚ ਮੁੱਖ ਤੌਰ 'ਤੇ ਆਕਸਫੋਰਡ-ਐਸਟ੍ਰਾਜੈਨੇਕਾ ਤੇ ਫਾਇਜ਼ਰ-ਬਾਇਐੱਨਟੈੱਕ ਵੱਲੋਂ ਵਿਕਸਤ ਵੈਕਸੀਨ ਨਾਲ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ।

ਰਾਸ਼ਟਰੀ ਸਿਹਤ ਸੇਵਾ (ਐੱਨਐੱਚਐੱਸ) ਵੱਲੋਂ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮ ਤਹਿਤ ਜਿਹੜੇ ਲੋਕ ਇਕ ਟੀਕਾ ਲਗਵਾਉਣ ਦੇ ਤਿੰਨ ਹਫ਼ਤਿਆਂ ਦੇ ਅੰਦਰ ਇਨਫੈਕਟਿਡ ਹੋ ਗਏ ਸਨ ਉਨ੍ਹਾਂ ਤੋਂ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ਦਾ ਖ਼ਦਸ਼ਾ 38 ਤੋਂ 49 ਫ਼ੀਸਦੀ ਦੇ ਵਿਚਕਾਰ ਘੱਟ ਰਿਹਾ।

ਪੀਐੱਚਈ ਨੇ ਵੀ ਦੇਖਿਆ ਕਿ ਟੀਕਾਕਰਨ ਦੇ 14 ਦਿਨ ਬਾਅਦ ਲੋਕਾਂ 'ਚ ਕੋੋਰਨਾ ਤੋਂ ਸੁਰੱਖਿਆ ਦੇਖੀ ਗਈ ਤੇ ਉਮਰ ਤੇ ਸੰਪਰਕਾਂ ਦਾ ਇਸ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ।

ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਇਸ ਨਵੇਂ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਟੀਕੇ ਦੀ ਇਕ ਖ਼ੁਰਾਕ ਘਰੇਲੂ ਟ੍ਰਾਂਸਮਿਸ਼ਨ ਦੇ ਖ਼ਤਰੇ ਨੂੰ 50 ਫ਼ੀਸਦੀ ਤਕ ਘੱਟ ਕਰ ਦਿੰਦੀ ਹੈ। ਇਹ ਇਸ ਗੱਲ ਨੂੰ ਫਿਰ ਤੋਂ ਪ੍ਰਮਾਣਿਤ ਕਰਦਾ ਹੈ ਕਿ ਟੀਕਾ ਤੁਹਾਨੂੰ ਤੇ ਤੁਹਾਡੇ ਆਲੇ ਦੁਆਲੇ ਰਹਿਣ ਵਾਲਿਆਂ ਨੂੰ ਬਚਾਉਂਦਾ ਹੈ। ਜਦੋਂ ਵੀ ਤੁਹਾਨੂੰ ਟੀਕਾ ਲਗਵਾਉਣ ਲਈ ਫੋਨ ਆਵੇ, ਟੀਕਾ ਜ਼ਰੂਰ ਲਗਵਾਓ।

ਬੁੱਧਵਾਰ ਨੂੰ ਸਾਹਮਣੇ ਆਏ ਇਕ ਨਵੇਂ ਅਧਿਐਨ ਦੀ ਅਜੇ ਮਾਹਰਾਂ ਵੱਲੋਂ ਪੂਰੀ ਸਮੀਖਿਆ ਕੀਤੀ ਜਾਣੀ ਬਾਕੀ ਹੈ। ਇਸ ਅਧਿਐਨ ਦੌਰਾਨ 24,000 ਘਰਾਂ ਦੇ 57,000 ਤੋਂ ਵੱਧ ਲੋਕਾਂ ਨਾਲ ਸੰਪਰਕ ਕੀਤਾ ਗਿਆ। ਇਨ੍ਹਾਂ ਘਰਾਂ 'ਚ ਕੋਰੋਨਾ ਦਾ ਘੱਟੋ-ਘੱਟ ਇਕ ਪੁਸ਼ਟ ਮਰੀਜ਼ ਸੀ, ਜਿਸ ਨੂੰ ਟੀਕੇ ਦੀ ਇਕ ਖ਼ੁਰਾਕ ਦਿੱਤੀ ਜਾ ਚੁੱਕੀ ਸੀ, ਇਨ੍ਹਾਂ ਲੋਕਾਂ ਦੀ ਤੁਲਨਾ ਟੀਕਾ ਨਾ ਲਗਵਾਉਣ ਵਾਲੇ ਕਰੀਬ 10 ਲੱਖ ਲੋਕਾਂ ਨਾਲ ਕੀਤੀ ਗਈ।

ਘਰ 'ਚ ਟੀਕਾ ਲਗਵਾ ਚੁੱਕੇ ਵਿਅਕਤੀ ਦੇ ਇਨਫੈਕਟਿਡ ਹੋਣ ਤੋਂ ਬਾਅਦ ਦੋ ਤੋਂ 14 ਦਿਨਾਂ 'ਚ ਉਸ ਨਾਲ ਸੰਪਰਕ 'ਚ ਆਏ ਕਿਸੇ ਵਿਅਕਤੀ ਨੂੰ ਕੋਰੋਨਾ ਇਨਫੈਕਸ਼ਨ ਹੋਣ 'ਤੇ ਉਸ ਨੂੰ ਦੂਜੇ ਮਾਮਲੇ ਦੇ ਤੌਰ 'ਤੇ ਪਰਿਭਾਸ਼ਤ ਕੀਤਾ ਗਿਆ। ਅਧਿਐਨ 'ਚ ਸ਼ਾਮਲ ਵਧੇਰੇ ਲੋਕਾਂ ਦੀ ਉਮਰ 60 ਸਾਲ ਤੋਂ ਘੱਟ ਰਹੀ।

ਪਿਛਲੇ ਅਧਿਐਨਾਂ 'ਚ ਇਹ ਪਾਇਆ ਗਿਆ ਕਿ ਦੋਵਾਂ 'ਚੋਂ ਕਿਸੇ ਵੀ ਟੀਕੇ ਦੀ ਇਕ ਖ਼ੁਰਾਕ ਲੈਣ ਦੇ ਚਾਰ ਹਫ਼ਤੇ ਬਾਅਦ ਇਨਫੈਕਸ਼ਨ ਹੋਣ ਦਾ ਖ਼ਤਰਾ 60-65 ਫ਼ੀਸਦੀ ਤਕ ਘੱਟ ਹੋ ਜਾਂਦਾ ਹੈ।

ਪੀਐੱਚਈ 'ਚ ਟੀਕਾਕਰਨ ਦੀ ਪ੍ਰਮੁੱਖ ਡਾ. ਮੈਰੀ ਰੇਮਸੇ ਕਹਿੰਦੀ ਹੈ ਕਿ ਸਾਡੇ ਆਮ ਜੀਵਨ ਵੱਲ ਪਰਤਣ 'ਚ ਮਦਦ ਕਰਨ ਲਈ ਟੀਕੇ ਬਹੁਤ ਅਹਿਮ ਹਨ। ਟੀਕੇ ਨਾ ਸਿਰਫ਼ ਬਿਮਾਰੀ ਦੀ ਗੰਭੀਰਤਾ ਨੂੰ ਘੱਟ ਕਰਦੇ ਹਨ ਬਲਕਿ ਰੋਜ਼ਾਨਾ ਹਜ਼ਾਰਾਂ ਮੌਤਾਂ ਰੋਕਦੇ ਹਨ। ਅਸੀਂ ਹੁਣ ਦੇਖ ਰਹੇ ਹਾਂ ਕਿ ਉਹ ਦੂਜਿਆਂ 'ਚ ਕੋੋਰੋਨਾ ਦੇ ਪਸਾਰ ਦੇ ਖ਼ਤਰੇ ਨੂੰ ਘੱਟ ਕਰਨ 'ਚ ਵੀ ਮਦਦਗਾਰ ਹਨ।

ਪੀਐੱਚਈ ਨੇ ਕਿਹਾ ਕਿ ਇਸ ਅਧਿਐਨ ਤੋਂ ਸਕਾਰਾਤਮਕ ਸੰਕੇਤ ਮਿਲਣ ਦੇ ਬਾਵਜੂਦ ਸਾਨੂੰ ਰੋਕਥਾਮ ਦੇ ਹੋਰ ਉਪਾਅ ਕਰਦੇ ਰਹਿਣਾ ਪਵੇਗਾ। ਸਾਨੂੰ ਮਾਸਕ ਪਾਉਣ ਦੇ ਨਾਲ ਹੀ ਹੱਥਾਂ ਦੀ ਸਫ਼ਾਈ ਤੇ ਸਹੀ ਸ਼ਰੀਰਰ ਦੂਰੀ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਪਵੇਗਾ।