ਲੰਡਨ (ਏਜੰਸੀਆਂ) : ਬਰਤਾਨੀਆ ਦੇ ਵਿਦੇਸ਼ ਮੰਤਰੀ ਡਾਮਿਨਿਕ ਰੌਬ ਨੇ ਕਿਹਾ ਕਿ ਮਾਰਚ ਤੋਂ ਪੜਾਅਵਾਰ ਤਰੀਕੇ ਨਾਲ ਲਾਕਡਾਊਨ ਦੀਆਂ ਪਾਬੰਦੀਆਂ 'ਚ ਢਿੱਲ ਮਿਲ ਸਕਦੀ ਹੈ। ਬਰਤਾਨੀਆ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਪੰਜ ਜਨਵਰੀ ਨੂੰ ਪੂਰੇ ਦੇਸ਼ 'ਚ ਇਕ ਵਾਰ ਫਿਰ ਕੌਮੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਨਾ ਸਿਰਫ ਸਕੂਲ ਤਕ ਬੰਦ ਕੀਤੇ ਗਏ ਬਲਕਿ ਗ਼ੈਰ-ਜ਼ਰੂਰੀ ਕਾਰੋਬਾਰਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਸਕਾਈ ਨਿਊਜ਼ ਨਾਲ ਗੱਲਬਾਤ 'ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਬਸੰਤ ਤਕ ਜਾਂ ਮਾਰਚ ਤਕ ਅਸੀਂ ਇਸ ਸਥਿਤੀ 'ਚ ਹੋਵਾਂਗੇ ਕਿ ਲਾਕਡਾਊਨ ਦੀਆਂ ਪਾਬੰਦੀਆਂ 'ਚ ਕੁਝ ਰਿਆਇਤਾਂ ਦਿੱਤੀਆਂ ਜਾ ਸਕਣ। ਹਾਲਾਂਕਿ ਪਾਬੰਦੀਆਂ 'ਚ ਿਢੱਲ ਵੀ ਪੜਾਅਵਾਰ ਤਰੀਕੇ ਨਾਲ ਹੀ ਮਿਲੇਗੀ। ਦਰਅਸਲ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਫਰਵਰੀ ਦੇ ਅੱਧ ਤਕ ਵੱਧ ਉਮਰ ਵਰਗ ਤੇ ਫਰੰਟਲਾਈਨ ਵਰਕਰਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਹੈ। ਦ ਸੰਡੇ ਟਾਈਮਜ਼ ਮੁਤਾਬਕ ਲਾਕਡਾਊਨ ਪਾਬੰਦੀਆਂ 'ਚ ਛੋਟ ਬਾਰੇ ਮੰਤਰੀਆਂ ਵਿਚਾਲੇ ਉਭਰੇ ਮੱਤਭੇਦਾਂ ਨੂੰ ਸੁਲਝਾ ਲਿਆ ਗਿਆ ਹੈ।

ਇਟਲੀ ਨੇ ਬ੍ਰਾਜ਼ੀਲ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਇਟਲੀ ਨੇ ਬ੍ਰਾਜ਼ੀਲ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਜੋ ਕਿ 31 ਜਨਵਰੀ ਤਕ ਰਹੇਗੀ। ਬ੍ਰਾਜ਼ੀਲ ਤੋਂ ਆਉਣ ਵਾਲੇ ਚਾਰ ਯਾਤਰੀਆਂ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਇਟਲੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬ੍ਰਾਜ਼ੀਲ 'ਚ 1050 ਲੋਕਾਂ ਦੀ ਮੌਤ ਹੋਈ ਹੈ ਜਦੋਂਕਿ 61567 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।


ਇੱਥੇ ਇਹ ਰਿਹਾ ਹਾਲ


-ਲਾਸ ਏਂਜਲਸ ਪਹਿਲੀ ਅਜਿਹੀ ਕਾਊਂਟੀ ਬਣ ਗਈ ਹੈ ਜਿੱਥੇ ਕੋਰੋਨਾ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਗਈ ਹੈ। ਇੱਥੇ ਸ਼ਨਿਚਰਵਾਰ ਨੂੁੰ 14669 ਨਵੇਂ ਮਾਮਲੇ ਸਾਹਮਣੇ ਆਏ ਤੇ 253 ਲੋਕਾਂ ਦੀ ਮੌਤ ਹੋਈ ਹੈ।

-ਕੈਨੇਡਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 7 ਲੱਖ ਤੋਂ ਵੱਧ ਹੋ ਗਈ ਹੈ। ਹੁਣ ਤਕ 17847 ਲੋਕਾਂ ਦੀ ਮੌਤ ਹੋ ਚੁੱਕੀ ਹੈ।

-ਸਿੰਗਾਪੁਰ ਆਉਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਤੌਰ 'ਤੇ ਕੋਰੋਨਾ ਦਾ ਟੈਸਟ ਕਰਵਾਉਣਾ ਪਵੇਗਾ।

-ਚੀਨ 'ਚ ਕੋਰੋਨਾ ਦੇ 109 ਨਵੇਂ ਮਾਮਲੇ ਸਾਹਮਣੇ ਆਏ ਹਨ। 96 ਲੋਕ ਜਿੱਥੇ ਘਰੇਲੂ ਤੌਰ 'ਤੇ ਇਨਫੈਕਟਿਡ ਹੋਏ ਉੱਥੇ 13 ਲੋਕ ਵਿਦੇਸ਼ ਤੋਂ ਆਏ ਹਨ।

-ਪੁਰਤਗਾਲ ਦੇ ਵਿੱਤ ਰਾਜ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।