ਲੰਡਨ (ਪੀਟੀਆਈ) : ਭਾਰਤੀ ਮੂਲ ਦੇ ਬਿ੍ਟਿਸ਼ ਮੰਤਰੀਆਂ 'ਚੋਂ ਇਕ ਆਲੋਕ ਸ਼ਰਮਾ ਨੂੰ ਗਲਾਸਗੋ 'ਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਜਲਵਾਯੂ ਸ਼ਿਖਰ ਸੰਮੇਲਨ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਪਣੀ ਨਵੀਂ ਭੂਮਿਕਾ 'ਤੇ ਧਿਆਨ ਦੇਣ ਲਈ ਉਨ੍ਹਾਂ ਸ਼ੁੱਕਰਵਾਰ ਨੂੰ ਪੀਐੱਮ ਬੋਰਿਸ ਜੌਨਸਨ ਦੀ ਕੈਬਿਨਟ ਤੋਂ ਅਸਤੀਫ਼ਾ ਦੇ ਦਿੱਤਾ। ਆਗਰਾ 'ਚ ਪੈਦਾ ਹੋਏ ਆਲੋਕ ਸ਼ਰਮਾ ਹੁਣ ਤਕ ਦੋਹਰੀ ਭੂਮਿਕਾ ਨਿਭਾ ਰਹੇ ਪਰ ਹੁਣ ਉਹ ਪੂਰੀ ਤਰ੍ਹਾਂ ਸ਼ਿਖਰ ਸੰਮੇਲਨ ਨੂੰ ਸਫਲ ਬਣਾਉਣ 'ਤੇ ਆਪਣਾ ਧਿਆਨ ਲਗਾ ਸਕਣਗੇ। ਇਸ ਸੰਮੇਲਨ 'ਚ ਭਾਰਤ ਸਮੇਤ 200 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ।

ਆਲੋਕ ਸ਼ਰਮਾ ਨੇ ਕਿਹਾ, 'ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਜਲਵਾਯੂ ਪਰਿਵਰਤਨ ਹੈ ਤੇ ਸਾਨੂੰ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ।' ਬਰਤਾਨੀਆ ਦੀ ਨੁਮਾਇੰਦਗੀ ਵਾਲੇ ਨਵੰਬਰ 'ਚ ਹੋਣ ਵਾਲੇ ਇਸ ਸ਼ਿਖਰ ਸੰਮੇਲਨ ਜ਼ਰੀਏ ਸਾਡੇ ਕੋਲ ਦੁਨੀਆ ਭਰ ਦੇ ਦੋਸਤਾਂ ਤੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ਦਾ ਇਕ ਚੰਗਾ ਮੌਕਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਵਰਗੇ ਜ਼ਰੂਰੀ ਕੰਮ ਲਈ ਮੈਨੂੰ ਚੁਣਿਆ ਹੈ।