ਲੰਡਨ (ਏਜੰਸੀਆਂ) : 1,305 ਲੋਕਾਂ ਦੀ ਮੌਤ ਨਾਲ ਹੀ ਬਿ੍ਟੇਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 81 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ 59,937 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਕ ਦਿਨ ਪਹਿਲੇ ਇਹ ਗਿਣਤੀ 68,053 ਸੀ। ਇੰਗਲੈਂਡ ਦੇ ਮੁੱਖ ਡਾਕਟਰ ਕ੍ਰਿਸ ਵਿਟੀ ਨੇ ਰੇਡੀਓ, ਟੀਵੀ ਅਤੇ ਸੋਸ਼ਲ ਮੀਡੀਆ 'ਤੇ ਇਕ ਇਸ਼ਤਿਹਾਰ ਵਿਚ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚ ਕਈ ਲੋਕਾਂ ਨੂੰ ਗੰਭੀਰ ਬਿਮਾਰੀ ਦਾ ਖ਼ਤਰਾ ਹੈ।

ਕੋਰੋਨਾ ਦਾ ਟੀਕਾ ਆਸ ਦੀ ਕਿਰਣ ਦਿਸਦਾ ਹੈ ਅਤੇ ਅਜਿਹੀ ਸਥਿਤੀ ਵਿਚ ਅਸੀਂ ਸਾਰਿਆਂ ਨੂੰ ਘਰ 'ਤੇ ਰਹਿ ਕੇ ਆਪਣਾ ਜੀਵਨ ਬਚਾਉਣ ਦੀ ਅਪੀਲ ਕਰਦੇ ਹਾਂ। ਇਸੇ ਸੋਚ ਵਿਚਕਾਰ ਸਰਕਾਰ ਨੂੰ ਸਲਾਹ ਦੇਣ ਵਾਲੇ ਵਿਗਿਆਨੀਆਂ ਨੇ ਕਿਹਾ ਹੈ ਕਿ ਮੌਜੂਦਾ ਲਾਕਡਾਊਨ ਉਪਾਵਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ। ਉਧਰ, ਸੀਐੱਨਐੱਨ ਨੂੰ ਦਿੱਤੇ ਇੰਟਰਵਿਊ ਵਿਚ ਪੋਪ ਫਰਾਂਸਿਸ ਨੇ ਕਿਹਾ ਹੈ ਕਿ ਵੈਟੀਕਨ ਵਿਚ ਅਗਲੇ ਹਫ਼ਤੇ ਤੋਂ ਟੀਕਾਕਰਨ ਸ਼ੁਰੂ ਹੋਵੇਗਾ ਅਤੇ ਉਹ ਵੀ ਵੈਕਸੀਨ ਲੈਣ ਵਾਲਿਆਂ ਦੀ ਕਤਾਰ ਵਿਚ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਲੈਣਾ ਉਨ੍ਹਾਂ ਦਾ ਨੈਤਿਕ ਕਰਤੱਵ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਬਿ੍ਟਿਸ਼ ਮਹਾਰਾਣੀ ਐਲਿਜ਼ਾਬੈੱਥ ਦੂਜੀ ਅਤੇ ਪਿ੍ਰੰਸ ਫਿਲਿਪ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਸੀ।

ਚੀਨ 'ਚ 69 ਨਵੇਂ ਮਰੀਜ਼ ਮਿਲੇ

ਚੀਨ 'ਚ ਕੋਰੋਨਾ ਇਕ ਵਾਰ ਫਿਰ ਪੈਰ ਪਸਾਰਦਾ ਦਿਸ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਉੱਥੇ 69 ਨਵੇਂ ਮਰੀਜ਼ ਮਿਲੇ ਹਨ। ਇਕ ਦਿਨ ਪਹਿਲੇ ਇਹ ਗਿਣਤੀ 33 ਸੀ। ਜ਼ਿਆਦਾਤਰ ਮਰੀਜ਼ ਹੇਬਈ ਸੂਬੇ ਦੇ ਰਹਿਣ ਵਾਲੇ ਹਨ। ਹੇਬਈ ਸੂਬੇ ਦੀ ਰਾਜਧਾਨੀ ਸ਼ਿਜਿਆਜੁਆਂਗ ਅਤੇ ਪ੍ਰਮੁੱਖ ਸ਼ਹਿਰ ਸ਼ਿਨਤਾਈ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੀ ਕੋਰੋਨਾ ਜਾਂਚ ਹੋ ਗਈ ਹੈ। ਸ਼ਿਜਿਆਜੁਆਂਗ ਵਿਚ ਲਾਕਡਾਊਨ ਦੇ ਨਾਲ ਹੀ ਜਨਤਕ ਟਰਾਂਸਪੋਰਟ ਸੇਵਾ ਨੂੰ ਵੀ ਰੋਕ ਦਿੱਤਾ ਗਿਆ ਹੈ।

ਅਮਰੀਕਾ : ਕੋਰੋਨਾ ਮਰੀਜ਼ਾਂ ਦੀ ਗਿਣਤੀ ਦੋ ਕਰੋੜ 20 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 3,72,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਰੂਸ : ਪਿਛਲੇ 24 ਘੰਟਿਆਂ ਦੌਰਾਨ 23,309 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 456 ਲੋਕਾਂ ਦੀ ਮੌਤ ਹੋਈ ਹੈ।

ਜਰਮਨੀ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ 465 ਲੋਕਾਂ ਦੀ ਮੌਤ ਹੋਈ ਹੈ।

ਇਜ਼ਰਾਈਲ : ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤਕ 10 ਲੱਖ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ।

ਪਾਕਿਸਤਾਨ : ਕੋਰੋਨਾ ਮਰੀਜ਼ਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 2,809 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਬ੍ਰਾਜ਼ੀਲ : ਪਿਛਲੇ 24 ਘੰਟਿਆਂ ਦੌਰਾਨ 1,171 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। 62,290 ਮਰੀਜ਼ ਸਾਹਮਣੇ ਆਏ ਹਨ।

ਫਰਾਂਸ : 20,177 ਨਵੇਂ ਮਰੀਜ਼ ਮਿਲੇ ਹਨ। 168 ਲੋਕਾਂ ਦੀ ਮੌਤ ਹੋਈ ਹੈ।

ਕੈਨੇਡਾ : ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਸਾਢੇ ਛੇ ਲੱਖ ਤੋਂ ਜ਼ਿਆਦਾ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ 16,788 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।