ਲੰਡਨ (ਏਜੰਸੀਆਂ) : ਬਿ੍ਟਿਸ਼ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੀ ਅਰਜ਼ੀ ਨੂੰ ਠੁਕਰਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਨਾ ਕੇਵਲ ਉਹ ਖ਼ੁਦਕੁਸ਼ੀ ਕਰ ਸਕਦਾ ਹੈ ਸਗੋਂ ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਜਿਹਾ ਕਰਨਾ ਦਮਨਕਾਰੀ ਹੋਵੇਗਾ। ਉਧਰ, ਅਮਰੀਕੀ ਸਰਕਾਰ ਨੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਗੱਲ ਕਹੀ ਹੈ। ਇਕ ਦਹਾਕਾ ਪਹਿਲੇ ਫ਼ੌਜੀ ਅਤੇ ਡਿਪਲੋਮੈਟਿਕ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਦੇ ਮੱਦੇਨਜ਼ਰ ਅਸਾਂਜੇ ਅਮਰੀਕਾ ਵਿਚ ਜਾਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦੀ ਦੁਰਵਰਤੋਂ ਦੇ ਇਕ ਦੋਸ਼ ਦਾ ਸਾਹਮਣਾ ਕਰਦਾ ਰਿਹਾ ਹੈ। ਜੇਕਰ ਇਹ ਦੋਸ਼ ਸਾਬਿਤ ਹੁੰਦੇ ਹਨ ਤਾਂ ਉਸ ਨੂੰ ਅਧਿਕਤਮ 175 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸੁਣਵਾਈ ਦੌਰਾਨ ਆਸਟ੍ਰੇਲੀਆ ਵਿਚ ਪੈਦਾ ਹੋਏ 49 ਸਾਲਾਂ ਦੇ ਅਸਾਂਜੇ ਦੇ ਵਕੀਲਾਂ ਦਾ ਤਰਕ ਸੀ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਦੇ ਗ਼ਲਤ ਕੰਮਾਂ ਨੂੰ ਉਜਾਗਰ ਦੌਰਾਨ ਉਹ ਬਤੌਰ ਪੱਤਰਕਾਰ ਕੰਮ ਕਰ ਰਿਹਾ ਸੀ ਅਤੇ ਅਜਿਹੀ ਸਥਿਤੀ ਵਿਚ ਉਹ ਫ੍ਰੀਡਮ ਆਫ ਸਪੀਚ ਤਹਿਤ ਸੁਰੱਖਿਆ ਦਾ ਹੱਕਦਾਰ ਹੈ। ਹਾਲਾਂਕਿ ਡਿਸਟਿ੍ਕਟ ਜੱਜ ਵੈਨੇਸਾ ਬਰਾਈਟਰ ਨੇ ਬਚਾਅ ਪੱਖ ਦੇ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਕਿ ਅਸਾਂਜੇ ਨੂੰ ਫ੍ਰੀਡਮ ਆਫ ਸਪੀਚ ਅਧਿਕਾਰ ਤਹਿਤ ਸਜ਼ਾ ਨਹੀਂ ਸੁਣਾਈ ਜਾ ਸਕਦੀ ਹੈ। ਜੱਜ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਅਪਰਾਧ ਸਾਬਿਤ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਸਜ਼ਾ ਫ੍ਰੀਡਮ ਆਫ ਸਪੀਚ ਤਹਿਤ ਸੰਰਖਿਅਤ ਨਹੀਂ ਹੋਵੇਗੀ।

ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਅਸਾਂਜੇ ਡਿਪਰੈਸ਼ਨ ਦੇ ਸ਼ਿਕਾਰ ਹਨ ਅਤੇ ਜੇਕਰ ਉਨ੍ਹਾਂ ਦੀ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਅਮਰੀਕੀ ਜੇਲ੍ਹ ਵਿਚ ਇਕੱਲੇਪਣ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਨਾਲ ਉਸ ਦੀ ਬਿਮਾਰੀ ਹੋਰ ਵੱਧ ਜਾਵੇਗੀ। ਜੱਜ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਸ ਦੀ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਹ ਖ਼ੁਦਕੁਸ਼ੀ ਵੀ ਕਰ ਸਕਦਾ ਹੈ। ਮਈ 2019 ਵਿਚ ਉਸ ਦੀ ਲੰਡਨ ਸਥਿਤ ਜੇਲ੍ਹ ਦੀ ਕੋਠਰੀ ਤੋਂ ਬਲੇਡ ਵੀ ਮਿਲਿਆ ਸੀ ਅਤੇ ਉਨ੍ਹਾਂ ਮੈਡੀਕਲ ਸਟਾਫ ਨੂੰ ਆਪਣੇ ਆਤਮ ਹੱਤਿਆ ਦੇ ਵਿਚਾਰਾਂ ਬਾਰੇ ਵੀ ਦੱਸਿਆ ਸੀ।