ਨਘੇਆ (ਏਐੱਫਪੀ) : ਬਰਤਾਨੀਆ 'ਚ ਟਰੱਕ 'ਚ ਜਿਨ੍ਹਾਂ 39 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਵੀਅਤਨਾਮ ਦੇ ਹਨ, ਇਨ੍ਹਾਂ 'ਚੋਂ 20 ਦੀ ਫੋਟੋ ਨਾਲ ਮਿਲਾਣ ਹੋ ਗਿਆ ਹੈ। ਮਾਰੇ ਗਏ ਕੁਝ ਹੋਰ ਲੋਕ ਵੀ ਵੀਅਤਨਾਮ ਦੇ ਹੋ ਸਕਦੇ ਹਨ। ਪਹਿਲਾਂ ਇਨ੍ਹਾਂ ਮਿ੍ਤਕਾਂ ਦੇ ਚੀਨ ਦੇ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਸੀ। ਇਹ ਟਰੱਕ ਬੁੱਧਵਾਰ ਤੜਕੇ ਲੰਡਨ ਦੇ ਨਜ਼ਦੀਕ ਮਿਲਿਆ ਸੀ। ਬਾਅਦ 'ਚ ਉਸਦੇ ਚਾਲਕ ਤੇ ਤਿੰਨ ਹੋਰਨਾਂ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਸ਼ੱਕ ਹੈ ਕਿ ਮਨੁੱਖੀ ਸਮੱਗਿਲੰਗ ਨਾਲ ਇਹ ਲੋਕ ਬਰਤਾਨੀਆ ਤਕ ਪੁੱਜੇ ਸਨ।

ਬਰਤਾਨਵੀ ਪੁਲਿਸ ਮੁਤਾਬਕ ਮਿ੍ਤਕ ਗੁਆਂਢੀ ਦੇਸ਼ ਬੈਲਜੀਅਮ ਦੇ ਬੰਦਰਗਾਹ 'ਤੇ ਪਾਣੀ ਦੇ ਜਹਾਜ਼ ਰਾਹੀਂ ਪੁੱਜੇ ਸਨ ਤੇ ਉਸ ਤੋਂ ਬਾਅਦ ਰੈਫ੍ਰੀਜਰੇਟਿੰਗ ਕੰਟੇਨਰ ਵਾਲੇ ਟਰੱਕ ਰਾਹੀਂ ਬਰਤਾਨੀਆ ਲਿਆਂਦੇ ਗਏ। ਗਿ੍ਫ਼ਤਾਰ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬੈਲਜੀਅਮ ਦੇ ਬੰਦਰਗਾਹ 'ਤੇ ਉਤਰਣ ਤਕ ਇਹ ਲੋਕ ਜਿਊਂਦੇ ਸਨ ਜਾਂ ਨਹੀਂ। ਟਰੱਕ ਦੀ ਰਜਿਸਟ੍ਰੇਸ਼ਨ ਬਰਤਾਨੀਆ ਦੀ ਹੈ। ਟਰੱਕ ਮਾਲਕ ਨੇ ਕਿਸੇ ਤਰ੍ਹਾਂ ਦੇ ਗ਼ਲਤ ਧੰਦੇ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।

ਸੱਤ ਵੀਅਤਨਾਮੀ ਪਰਿਵਾਰਾਂ ਨੂੰ ਸ਼ੱਕ ਹੈ ਕਿ ਮਾਰੇ ਗਏ 31 ਮਰਦਾਂ ਤੇ ਅੱਠ ਔਰਤਾਂ 'ਚ ਕਾਫ਼ੀ ਲੋਕ ਉਨ੍ਹਾਂ ਦੇ ਰਿਸ਼ਤੇਦਾਰ ਹੋ ਸਕਦੇ ਹਨ। ਬਰਤਾਨੀਆ 'ਚ ਵੀਅਤਨਾਮੀ ਲੋਕਾਂ ਦੀ ਸੰਸਥਾ ਵੀਅਤਹੋਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ 20 ਲੋਕਾਂ ਦੇ ਫੋਟੋ ਪ੍ਰਾਪਤ ਹੋਏ ਹਨ ਜਿਨ੍ਹਾਂ ਦੀ ਉਮਰ 15 ਤੋਂ 45 ਸਾਲ ਦੇ ਵਿਚਕਾਰ ਹੈ। ਮਿ੍ਤਕਾਂ 'ਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਸ਼ੰਕਾ ਹੈ। ਇਹ ਲੋਕ ਚੰਗੀ ਤਨਖ਼ਾਹ ਹਾਸਲ ਕਰਨ ਦੀ ਨੀਅਤ ਨਾਲ ਬਰਤਾਨੀਆ ਆ ਰਹੇ ਸਨ।

26 ਸਾਲ ਦੀ ਵੀਅਤਨਾਮੀ ਔਰਤ ਫਾਮ ਥੀ ਨੂੰ ਉਸ ਦੇ ਰਿਸ਼ਤੇਦਾਰ ਦਾ ਟਰੱਕ ਬਰਾਮਦ ਹੋਣ ਤੋਂ ਕੁਝ ਘੰਟੇ ਪਹਿਲਾਂ ਸੰਦੇਸ਼ ਮਿਲਿਆ ਸੀ ਕਿ ਉਸਦਾ (ਰਿਸ਼ਤੇਦਾਰ) ਸਫ਼ਰ ਮੁਸ਼ਕਿਲ ਹੋ ਗਿਆ ਹੈ ਤੇ ਉਹ ਸਾਹ ਵੀ ਨਹੀਂ ਲੈ ਪਾ ਰਿਹਾ ਹੈ। ਇਸ ਲਈ ਉਸ ਦੀ ਮੌਤ ਹੋ ਸਕਦੀ ਹੈ। ਲੰਡਨ 'ਚ 2005 'ਚ ਹੋਏ ਲੜੀਵਾਰ ਆਤਮਘਾਤੀ ਬੰਬ ਧਮਾਕਿਆਂ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਸਨਸਨੀਖੇਜ਼ ਘਟਨਾ ਹੈ ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ।