ਲੰਡਨ (ਏਜੰਸੀਆਂ) : ਬਿ੍ਟੇਨ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਕ ਤਿੰਨ ਪੱਧਰੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਲਿਵਰਪੂਲ ਸ਼ਹਿਰ ਨੂੰ ਸਭ ਤੋਂ ਵੱਧ ਜੋਖ਼ਮ ਵਾਲੇ ਥਾਵਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇੱਥੇ ਪਬ, ਜਿਮ ਅਤੇ ਕੈਸੀਨੋ ਬੰਦ ਰਹਿਣਗੇ। ਇਸ ਯੂਰਪੀ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕਰੀਬ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕੁਲ ਅੰਕੜਾ ਛੇ ਲੱਖ 17 ਹਜ਼ਾਰ ਤੋਂ ਜ਼ਿਆਦਾ ਹੋ ਗਿਆ। ਹੁਣ ਤਕ ਕੁਲ 42 ਹਜ਼ਾਰ 825 ਪੀੜਤਾਂ ਦੀ ਮੌਤ ਹੋਈ ਹੈ।

ਪ੍ਰਧਾਨ ਮੰਤਰੀ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਅਹਿਮ ਦੌਰ ਵਿਚ ਹੈ। ਸਥਾਨਕ ਨਿਯਮਾਂ ਨੂੰ ਲੈ ਕੇ ਉਭਰੇ ਭਰਮ ਨੂੰ ਦੂਰ ਕਰਨ ਲਈ ਕੌਮੀ ਪੱਧਰ 'ਤੇ ਇਕ ਤਿੰਨ ਪੱਧਰੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨੂੰ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਜੌਨਸਨ ਨੇ ਕਿਹਾ ਕਿ ਨਵੀਂ ਵਿਵਸਥਾ ਦਾ ਟੀਚਾ ਬਿਨਾਂ ਲਾਕਡਾਊਨ ਕੀਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਹੈ। ਇਸ ਯੋਜਨਾ ਵਿਚ ਖ਼ਤਰੇ ਦੇ ਲਿਹਾਜ਼ ਤੋਂ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਇੰਗਲੈਂਡ ਦੇ ਵੱਖ-ਵੱਖ ਖੇਤਰਾਂ ਨੂੰ ਇਨ੍ਹਾਂ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਥਾਵਾਂ ਨੂੰ ਸਭ ਤੋਂ ਵੱਧ ਜੋਖ਼ਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਘੱਟ ਜੋਖ਼ਮ ਵਾਲੇ ਇਲਾਕਿਆਂ ਵਿਚ 10 ਵਜੇ ਪਿੱਛੋਂ ਪਬ ਅਤੇ ਰੈਸਤਰਾਂ ਨਹੀਂ ਖੁੱਲ੍ਹਣਗੇ। ਛੇ ਲੋਕਾਂ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਰਹੇਗੀ। ਉੱਚ ਖ਼ਤਰੇ ਵਾਲੇ ਥਾਵਾਂ 'ਤੇ ਇਨ੍ਹਾਂ ਪਾਬੰਦੀਆਂ ਦੇ ਨਾਲ ਹੀ ਗੁਆਂਢ ਦੇ ਲੋਕਾਂ ਦੇ ਮਿਲਣ-ਜੁਲਣ 'ਤੇ ਰੋਕ ਲਗਾਈ ਗਈ ਹੈ ਜਦਕਿ ਸਭ ਤੋਂ ਵੱਧ ਜੋਖ਼ਮ ਵਾਲੇ ਇਲਾਕਿਆਂ ਵਿਚ ਪਬ, ਜਿਮ ਅਤੇ ਕੈਸੀਨੋ ਵੀ ਬੰਦ ਰਹਿਣਗੇ।

ਰੂਸ 'ਚ ਰਿਕਾਰਡ 13 ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਮਿਲੇ

ਰੂਸ ਵਿਚ ਕੋਰੋਨਾ ਮਹਾਮਾਰੀ ਫਿਰ ਤੇਜ਼ੀ ਨਾਲ ਵਧਣ ਲੱਗੀ ਹੈ। ਕੋਰੋਨਾ ਰਿਸਪਾਂਸ ਸੈਂਟਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਭਰ ਵਿਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 13 ਹਜ਼ਾਰ 592 ਨਵੇਂ ਕੋਰੋਨਾ ਮਰੀਜ਼ ਮਿਲੇ। ਇਸ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 13 ਲੱਖ 26 ਹਜ਼ਾਰ ਤੋਂ ਜ਼ਿਆਦਾ ਹੋ ਗਈ। ਹੁਣ ਤਕ ਕੁਲ 22 ਹਜ਼ਾਰ 966 ਪੀੜਤਾਂ ਦੀ ਜਾਨ ਗਈ ਹੈ।

ਅਮਰੀਕਾ 'ਚ ਫਰਵਰੀ ਤਕ ਹੋ ਸਕਦੀਆਂ ਹਨ 4 ਲੱਖ ਮੌਤਾਂ

ਦੁਨੀਆ 'ਚ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਵੱਧ ਜੂਝ ਰਹੇ ਅਮਰੀਕਾ ਵਿਚ ਅਗਲੇ ਸਾਲ ਫਰਵਰੀ ਤਕ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਇਹ ਆਂਕਲਨ ਕੀਤਾ ਗਿਆ ਹੈ। ਅਮਰੀਕਾ ਵਿਚ ਹੁਣ ਤਕ ਦੋ ਲੱਖ 20 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ। ਕੁਲ ਕਰੀਬ 80 ਲੱਖ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ।

ਦੱਖਣੀ ਕੋਰੀਆ : ਇਸ ਮਹੀਨੇ ਪਹਿਲੀ ਵਾਰ 100 ਤੋਂ ਜ਼ਿਆਦਾ ਨਵੇਂ ਕੇਸ ਮਿਲੇ ਹਨ। 24 ਘੰਟਿਆਂ ਵਿਚ 102 ਮਰੀਜ਼ ਮਿਲਣ ਨਾਲ ਪੀੜਤਾਂ ਦੀ ਗਿਣਤੀ 24 ਹਜ਼ਾਰ 805 ਹੋ ਗਈ ਹੈ।

ਇਜ਼ਰਾਈਲ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹਜ਼ਾਰ ਦੇ ਪਾਰ ਪੁੱਜ ਗਈ। ਇੱਥੇ ਹੁਣ ਤਕ ਕੁਲ ਦੋ ਲੱਖ 95 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ।

ਸਿੰਗਾਪੁਰ : ਇਸ ਦੇਸ਼ ਵਿਚ ਮੰਗਲਵਾਰ ਨੂੰ ਸਥਾਨਕ ਪੱਧਰ 'ਤੇ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਨਹੀਂ ਮਿਲਿਆ। ਹੁਣ ਤਕ ਕੁਲ 57 ਹਜ਼ਾਰ 884 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ।

ਇਟਲੀ : ਇਸ ਯੂਰਪੀ ਦੇਸ਼ ਵਿਚ ਦੂਜੇ ਦੌਰ ਦੀ ਮਹਾਮਾਰੀ ਦੀ ਰੋਕਥਾਮ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਈ ਗਈ ਹੈ।