ਲੰਡਨ (ਪੀਟੀਆਈ) : ਉੱਤਰੀ ਲੰਡਨ ਦੇ ਸਥਾਨਕ ਪ੍ਰਸ਼ਾਸਨ ਨੇ ਭਾਰਤੀ ਸੰਵਿਧਾਨ ਦੇ ਰਚੇਤਾ ਦੇ ਸਨਮਾਨ 'ਚ ਅੰਬੇਡਕਰ ਹਾਊਸ ਨੂੰ ਬਤੌਰ ਮਿਊਜ਼ੀਅਮ ਸਥਾਪਤ ਕਰਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਇਸੇ ਸਾਲ ਦੀ ਸ਼ੁਰੂਆਤ 'ਚ ਇਸ ਇਮਾਰਤ ਨੂੰ ਆਧੁਨਿਕ ਭਾਰਤ ਦੇ ਸੰਸਥਾਪਕਾਂ 'ਚੋਂ ਇਕ ਡਾ. ਭੀਮ ਰਾਓ ਅੰਬੇਡਕਰ ਦਾ ਮਿਊਜ਼ੀਅਮ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਅਪੀਲ ਪ੍ਰਕਿਰਿਆ ਦੇਖ ਰਹੇ ਸਿੰਹਾਨੀਆ ਐਂਡ ਕੋ ਸਾਲਿਸਟਰ ਦੇ ਜਾਨੀਵਨ ਜਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੰਬੇ ਅਰਸੇ ਤੋਂ ਪੈਂਡਿੰਗ ਅੰਬੇਡਕਰ ਮਿਊਜ਼ੀਅਮ ਹੁਣ ਸ਼ੁਰੂ ਕੀਤੇ ਜਾਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੈਮਡੇਨ ਕੌਂਸਲ ਨੇ ਪ੍ਰਬੰਧਨ ਯੋਜਨਾ ਨਾਲ ਸਾਈਕਲ ਸਟੈਂਡ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ।

ਯੂਕੇ ਕਮਿਊਨਿਟੀਜ਼ ਦੇ ਸੈਕਟਰੀ ਰਾਬਰਟ ਜੈਨਰਿਕ ਦੇ ਲੰਡਨ ਦੇ ਕੈਮਡੇਨ ਸਥਿਤ 10 ਕਿੰਗ ਹੈਨਰੀ ਰੋਡ ਬੰਗਲੇ ਨੂੰ ਮਿਊਜ਼ੀਅਮ ਬਣਾਉਣ ਦੀ ਯੋਜਨਾ ਦੇਣ 'ਚ ਦਖ਼ਲ ਦੇਣ ਤੋਂ ਬਾਅਦ ਕੈਮਡੇਨ ਕੌਂਸਲ ਨੇ ਆਖ਼ਰੀ ਮਨਜ਼ੂਰੀ ਦੇ ਦਿੱਤੀ ਹੈ। ਚਾਰ ਮੰਜ਼ਿਲਾ ਅੰਬੇਡਕਰ ਹਾਊਸ ਨੂੰ ਮਿਊਜ਼ੀਅਮ 'ਚ ਬਦਲਿਆ ਜਾ ਰਿਹਾ ਹੈ। ਡਾ. ਅੰਬੇਡਕਰ ਸਾਲ 1921-1922 'ਚ ਲੰਡਨ ਸਕੂਲ ਆਫ ਇਕਨਾਮਿਕਸ 'ਚ ਪੜ੍ਹਾਈ ਦੌਰਾਨ ਇਸੇ ਬੰਗਲੇ 'ਚ ਰਹਿੰਦੇ ਸਨ।

ਜ਼ਿਕਰਯੋਗ ਹੈ ਕਿ ਬਰਤਾਨਵੀ ਸਰਕਾਰ ਨੇ ਬੀਤੇ ਮਾਰਚ 'ਚ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਬੰਦ ਕਰਨ ਖ਼ਿਲਾਫ਼ ਦਾਇਰ ਭਾਰਤ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਸੀ। ਬਰਤਾਨੀਆ ਦੇ ਕਮਿਊਨਿਟੀ ਸੈਕਟਰੀ ਰਾਬਰਟ ਜੈਨਰਿਕ ਨੇ ਇਥੇ ਮਿਊਜ਼ੀਅਮ ਬਣਾਉਣ ਦੀ ਆਗਿਆ ਦੇ ਦਿੱਤੀ। ਦੱਸਣਯੋਗ ਹੈ ਕਿ ਸਥਾਨਕ ਅਥਾਰਿਟੀ ਕੈਮਡੇਨ ਕੌਂਸਲ ਨੇ ਪਿਛਲੇ ਸਾਲ ਅਗਸਤ 'ਚ ਭਾਰਤੀ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ 'ਚ ਉੱਤਰੀ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਇਕ ਮਿਊਜ਼ੀਅਮ 'ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਅਪੀਲ ਖ਼ਾਰਜ ਕਰਦਿਆਂ ਕੌਂਸਲ ਨੇ ਕਿਹਾ ਸੀ ਕਿ ਰਿਹਾਇਸ਼ੀ ਜਾਇਦਾਦ (ਅੰਬੇਡਕਰ ਹਾਊਸ) ਨੂੰ ਮਿਊਜ਼ੀਅਮ 'ਚ ਤਬਦੀਲ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ ਸਥਾਨਕ ਪਲਾਨਿੰਗ ਨਿਯਮਾਂ ਦੀ ਉਲੰਘਣਾ ਹੋਵੇਗੀ। ਇਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਬਰਤਾਨਵੀ ਸਰਕਾਰ 'ਤੇ ਦਬਾਅ ਬਣਾਇਆ ਸੀ ਤੇ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ।