ਲੰਡਨ (ਪੀਟੀਆਈ) : ਬਿ੍ਟੇਨ ਵਿਚ ਇਕ ਐੱਮਪੀ ਦੇ ਪਾਜ਼ੇਟਿਵ ਹੋਣ 'ਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕੁਆਰੰਟਾਈਨ 'ਚ ਚਲੇ ਜਾਣ ਪਿੱਛੋਂ ਅਜੇ ਇਹ ਸਿਲਸਿਲਾ ਰੁਕਿਆ ਨਹੀਂ ਹੈ। ਹੁਣ 10 ਹੋਰ ਐੱਮਪੀ ਵੀ ਕੁਆਰੰਟਾਈਨ ਵਿਚ ਚਲੇ ਗਏ ਹਨ। ਇਹ ਸਾਰੇ ਐੱਮਪੀਜ਼ ਉਸ ਮੀਟਿੰਗ ਵਿਚ ਸਨ ਜਿਸ ਵਿਚ ਪਾਜ਼ੇਟਿਵ ਹੋਇਆ ਐੱਮਪੀ ਮੌਜੂਦ ਸੀ।

ਬਿ੍ਟੇਨ 'ਚ ਵੱਧਦੀ ਕੋਰੋਨਾ ਮਹਾਮਾਰੀ ਵਿਚਕਾਰ ਕੰਜ਼ਰਵੇਟਿਵ ਐੱਮਪੀ ਲੀ ਐਂਡਰਸਨ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਟ੍ਰੇਸਿੰਗ ਪ੍ਰਕਿਰਿਆ ਵਿਚ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੀ ਸਲਾਹ 'ਤੇ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਖ਼ੁਦ ਕੁਆਰੰਟਾਈਨ ਵਿਚ ਚਲੇ ਗਏ। ਪਾਜ਼ੇਟਿਵ ਹੋਏ ਐੱਮਪੀ ਨੇ ਜੌਨਸਨ ਨਾਲ ਮੀਟਿੰਗ ਕੀਤੀ ਸੀ। ਹੁਣ ਐੱਨਐੱਚਐੱਸ ਨੇ ਟ੍ਰੇਸਿੰਗ ਦੇ ਆਧਾਰ 'ਤੇ ਹੀ 10 ਹੋਰ ਐੱਮਪੀਜ਼ ਨੂੰ ਕੁਆਰੰਟਾਈਨ 'ਚ ਜਾਣ ਦੀ ਸਲਾਹ ਦੇ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਐੱਮਪੀ ਐਂਡੀ ਕਾਰਟਰ, ਕੈਥਰੀਨ ਫਲੈਚਰ, ਬ੍ਰੇਨਡੇਨ ਕਲਾਰਕ-ਸਮਿਥ, ਕ੍ਰਿਸ ਕਲਾਰਕਸਨ ਅਤੇ ਲਿਯਾ ਨਿਸੀਓ ਨੇ ਲੀ ਐਂਡਰਸਨ ਨਾਲ ਮੀਟਿੰਗ ਵਿਚ ਹਿੱਸਾ ਲਿਆ ਸੀ।

ਪ੍ਰਧਾਨ ਮੰਤਰੀ ਦੇ ਸਿਆਸੀ ਮਾਮਲਿਆਂ ਵਿਚ ਸਹਾਇਤਾ ਦੇਣ ਵਾਲੇ ਦੋ ਹੋਰ ਐੱਮਪੀਜ਼ ਮਾਰਕੋ ਲੋਂਧੀ ਅਤੇ ਮੈਟ ਵਿਕਰਸ ਵੀ ਕੁਆਰੰਟਾਈਨ ਵਿਚ ਚਲੇ ਗਏ ਹਨ। ਪ੍ਰਧਾਨ ਮੰਤਰੀ ਨਿਵਾਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਾਰੇ ਐੱਮਪੀਜ਼ ਨੇ 12 ਨਵੰਬਰ ਦੀ ਮੀਟਿੰਗ ਵਿਚ ਹਿੱਸਾ ਲਿਆ ਸੀ। ਮੀਟਿੰਗ ਵਿਚ ਸਰੀਰਕ ਦੂਰੀ ਦਾ ਵੀ ਪੂਰਾ ਪਾਲਣ ਕੀਤਾ ਗਿਆ ਪ੍ਰੰਤੂ ਮੀਟਿੰਗ ਦੇਰ ਤਕ ਚੱਲਣ ਕਾਰਨ ਅਹਿਤਿਆਤ ਵਜੋਂ ਇਹ ਕਦਮ ਚੁੱਕੇ ਜਾ ਰਹੇ ਹਨ।