ਲੰਡਨ (ਰਾਇਟਰ) : ਬਿ੍ਟੇਨ ਦੇ ਇੰਗਲੈਂਡ ਤੇ ਸਕਾਟਲੈਂਡ ’ਚ ਸੋਮਵਾਰ ਨੂੰ 1,57,758 ਨਵੇਂ ਮਾਮਲੇ ਸਾਹਮਣੇ ਆਏ। ਇਟਲੀ ’ਚ 68 ਹਜ਼ਾਰ ਨਵੇਂ ਕੇਸ ਮਿਲੇ ਅਤੇ 140 ਲੋਕਾਂ ਦੀ ਮੌਤ ਹੋ ਗਈ। ਪਿਛਲੇ ਦਿਨਾਂ ਦੇ ਮੁਕਾਬਲੇ ਵਿਚ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਬਿ੍ਟੇਨ ’ਚ ਨਵੇਂ ਮਾਮਲੇ ਦੋ ਲੱਖ ਤੋਂ ਪਾਰ ਕਰ ਗਏ ਸਨ, ਜਦਕਿ ਇਟਲੀ ਵਿਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਮਿਲ ਰਹੇ ਸਨ।

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਓਮੀਕ੍ਰੋਨ ਕਾਰਨ ਮਾਮਲੇ ਤਾਂ ਵੱਧ ਰਹੇ ਹਨ, ਪਰ ਇਨਫੈਕਸ਼ਨ ਹਲਕਾ ਹੋਣ ਨਾਲ ਕੁਝ ਹੀ ਲੋਕਾਂ ਨੂੰ ਆਈਸੀਯੂ ’ਚ ਰੱਖਣ ਦੀ ਜ਼ਰੂਰਤ ਪੈ ਰਹੀ ਹੈ। ਇਨ੍ਹਾਂ ਵਿਚੋਂ ਵੀ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਬੂਸਟਰ ਡੋਜ਼ ਨਹੀਂ ਲਗਵਾਈ ਹੈ। ਇਸ ਨੂੰ ਦੇਖਦੇ ਹੋਏ ਜੌਨਸਨ ਨੇ ਲੋਕਾਂ ਤੋਂ ਬੂਸਟਰ ਡੋਜ਼ ਲੈਣ ਦੀ ਅਪੀਲ ਕੀਤੀ ਹੈ ਤਾਂ ਕਿ ਇਨਫੈਕਟਿਡ ਹੋਣ ’ਤੇ ਵੀ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੀ ਨੌਬਤ ਨਾ ਆਏ। ਬਿ੍ਰਟੇਨ ਵਿਚ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਹੈ ਕਿ ਬੂਸਟਰ ਡੋਜ਼ ਓਮੀਕ੍ਰੋਨ ਤੋਂ ਇਨਫੈਕਸ਼ਨ ’ਤੇ ਹਸਪਤਾਲ ਵਿਚ ਦਾਖ਼ਲ ਹੋਣ ਦੇ ਖ਼ਤਰੇ ਨੂੰ 88 ਫ਼ੀਸਦੀ ਘੱਟ ਕਰਦੀ ਹੈ।

ਇਟਲੀ ਦੇ ਕਈ ਖੇਤਰਾਂ ਵਿਚ ਦਸੰਬਰ ’ਚ ਹੀ ਪਹੁੰਚ ਗਿਆ ਸੀ ਓਮੀਕ੍ਰੋਨ

ਇਟਲੀ ’ਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਕੀਤੇ ਗਏ ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਪਿਛਲੇ ਸਾਲ ਦਸੰਬਰ ’ਚ ਹੀ ਕਈ ਖੇਤਰਾਂ ਵਿਚ ਓਮੀਕ੍ਰੋਨ ਫੈਲ ਗਿਆ ਸੀ। 19 ਅਤੇ 20 ਦਸੰਬਰ ਵਿਚਾਲੇ ਦੇਸ਼ ਦੇ 20 ਵਿਚੋਂ 14 ਖੇਤਰਾਂ ਵਿਚ ਸੀਵਰੇਜ ਦੇ ਪਾਣੀ ਵਿਚ ਇਹ ਇਨਫੈਕਸ਼ਨ ਮਿਲਿਆ ਹੈ। ਇਸ ਪਾਣੀ ਦੇ 282 ਨਮੂਨਿਆਂ ਵਿਚੋਂ 28.4 ਫ਼ੀਸਦੀ ਵਿਚ ਓਮੀਕ੍ਰੋਨ ਪਾਇਆ ਗਿਆ ਸੀ।

ਅਮਰੀਕੀ ਖ਼ੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐੱਫਡੀਏ) ਨੇ ਵਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਫਾਈਜ਼ਰ-ਬਾਇਓਐੱਨਟੈੱਕ ਦੀ ਬੂਸਟਰ ਯਾਨੀ ਤੀਜੀ ਡੋਜ਼ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਉਸ ਨੇ ਮੁੱਢਲੀ ਡੋਜ਼ ਤੋਂ ਬਾਅਦ ਬੂਸਟਰ ਡੋਜ਼ ਲਾਉਣ ਦੇ ਅੰਤਰਾਲ ਨੂੰ ਵੀ ਇਕ ਮਹੀਨਾ ਘਟਾਉਂਦੇ ਹੋਏ ਪੰਜ ਮਹੀਨੇ ਕਰ ਦਿੱਤਾ ਹੈ। ਐੱਫਡੀਏ ਨੇ ਕਮਜ਼ੋਰ ਪ੍ਰਤੀਰੱਖਿਆ ਵਾਲੇ ਪੰਜ ਵਿਚੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਤੀਜੀ ਡੋਜ਼ ਲਾਉਣ ਦੀ ਵੀ ਸਹਿਮਤੀ ਦੇ ਦਿੱਤੀ ਹੈ।

Posted By: Susheel Khanna