ਪੀਟੀਆਈ, ਲਾਹੌਰ : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਤੇ ਲੋਕਸਭਾ ਦੇ ਸਾਬਕਾ ਮੈਂਬਰ ਸ਼ਤਰੂਘਨ ਸਿਨਹਾ ਨੂੰ ਹਾਲ ਹੀ ਵਿਚ ਪਾਕਿਸਤਾਨ ਦੇ ਲਾਹੌਰ ਵਿਚ ਇਕ ਵਿਆਹ ਵਿਚ ਦੇਖਿਆ ਗਿਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਕਾਰਨ ਸਿਨਹਾ ਦੇ ਪਾਕਿਸਤਾਨ ਵਿਚ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿਚ ਸਿਨਹਾ ਨੂੰ ਪ੍ਰੋਗਰਾਮ ਵਾਲੀ ਥਾਂ 'ਤੇ ਦੇਖਿਆ ਜਾ ਸਕਦਾ ਹੈ। ਇੰਸਟਾਗ੍ਰਾਮ 'ਤੇ ਸਿਨਹਾ ਦੇ ਪਾਕਿਸਤਾਨ ਵਿਚ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀਆਂ ਗਈਆਂ। ਦੱਸ ਦੇਈਏ ਕਿ ਉਨ੍ਹਾਂ ਨੂੰ ਪਾਕਿਸਤਾਨੀ ਵਪਾਰੀ ਮਿਆਂ ਅਸਦ ਅਹਸਨ ਨੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਸੀ।

Indiatoday.in ਮੁਤਾਬਕ ਵਿਆਹ ਵਿਚ ਪਾਕਿਸਤਾਨ ਪਹੁੰਚੇ ਸਿਨਹਾ ਨੇ ਇਕ ਕੱਵਾਲੀ ਵਾਲੀ ਰਾਤ ਵਿਚ ਸ਼ਿਰਕਤ ਕੀਤੀ ਹੈ। ਸਿਨਹਾ ਇਕ ਵੀਡੀਓ ਵਿਚ ਪਾਕਿਸਤਾਨੀ ਅਦਾਕਾਰਾ ਰੀਮਾ ਖਾਨ ਦੇ ਨਾਲ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਇਸ ਦੌਰਾਨ ਕਾਲੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ਤਰੂਘਨ ਸਿਨਹਾ ਨੂੰ ਟ੍ਰੋਲ ਕੀਤਾ ਜਾਣ ਲੱਗਾ ਹੈ।

ਇਕ ਯੂਜ਼ਰ ਨੇ ਲਿਖਿਆ,'ਭਾਰਤੀ ਸੈਨਿਕ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ 'ਤੇ ਜਾਨ ਦੇ ਰਹੇ ਹਨ ਅਤੇ ਸਾਡੇ ਬੀ ਟਾਊਨ ਸੈਲੇਬਸ ਪਾਕਿਸਤਾਨ ਨਾਲ ਆਪਣੀ ਦੋਸਤੀ ਗੰਢ ਰਹੇ ਹਨ।' ਇਕ ਹੋਰ ਯੂਜ਼ਰ ਨੇ ਪੁੱਛਿਆ,' ਸ਼ਤਰੂਘਨ ਸਿਨਹਾ ਲਾਹੌਰ ਵਿਚ ਕੀ ਕਰ ਰਹੇ ਹਨ? ਅਸੀਂ ਉਨ੍ਹਾਂ ਨੂੰ ਪੁੱਛਾਂਗੇ ਪਰ ਇਹ ਸਿਰਫ਼ 'ਖਾਮੋਸ਼!' ਕਹਿਣਗੇ।'

Posted By: Tejinder Thind