ਕਰਾਚੀ, ਏਐੱਨਆਈ : ਪਾਕਿਸਤਾਨ 'ਤੇ ਮੌਸਮ ਦੀ ਭਿਆਨਕ ਮਾਰ ਦਾ ਅਸਰ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਦਾ ਕਰਾਚੀ ਸਭ ਤੋਂ ਗਰਮ ਰਿਹਾ ਹੈ। ਇੱਥੇ ਪਾਰਾ ਹਰ ਦਿਨ ਦੇ ਨਾਲ ਵਧਦਾ ਹੀ ਜਾ ਰਿਹਾ ਹੈ। ਇੱਥੇ 1947 ਤੋਂ ਬਾਅਦ ਅਪ੍ਰੈਲ ਦਾ ਸਭ ਤੋਂ ਗਰਮ ਦਿਨ ਮਹਿਸੂਸ ਕੀਤਾ ਗਿਆ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਅਨੁਸਾਰ, ਕਰਾਚੀ 'ਚ 3.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਅਪ੍ਰੈਲ 1947 ਤੋਂ ਬਾਅਦ ਸਭ ਤੋਂ ਜ਼ਿਆਦਾ ਰਿਹਾ ਹੈ। ਕਰਾਚੀ 'ਚ ਪਿਛਲੀ ਵਾਰ 14 ਅਪ੍ਰੈਲ, 1947 ਨੂੰ ਅਪ੍ਰੈਲ 'ਚ ਸਭ ਤੋਂ ਉੱਚ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਨਿਚਰਵਾਰ (3 ਅਪ੍ਰੈਲ) ਨੂੰ ਅਪ੍ਰੈਲ ਦੇ ਮਹੀਨੇ 'ਚ ਪਾਰਾ 43.6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜੋ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ।

ਅਚਾਨਕ ਕਿਉਂ ਵਧਿਆ ਤਾਪਮਾਨ?

ਪਾਕਿਸਤਾਨ ਮੌਸਮ ਵਿਭਾਗ (PMD) ਨੇ ਕਿਹਾ ਕਿ ਮੌਸਮ ਦੀ ਇਹ ਮੌਜੂਦਾ ਸਥਿਤੀ ਪਾਕਿਸਤਾਨ 'ਚ ਵਿਆਪਕ ਰੂਪ 'ਚ ਖੁਸ਼ਕ ਹਵਾਵਾਂ ਕਾਰਨ ਵਿਕਸਤ ਹੋਈਆਂ ਪੱਛਮੀ ਗੜਬੜ ਵਾਲੀਆਂ ਪੌਣਾਂ ਕਾਰਨ ਪੈਦਾ ਹੋਈ ਹੈ।

ਹੀਟਵੇਵ ਅਲਰਟ ਜਾਰੀ

ਪਾਕਿਸਤਾਨ ਮੌਸਮ ਵਿਭਾਗ (PMD) ਨੇ ਹੀਟਵੇਵ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਮੌਜੂਦਾ ਸੀਜ਼ਨ ਦੀ ਪਹਿਲੀ ਹੀਟਵੇਵ ਇਸ ਹਫ਼ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਫੈਲ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਹਫ਼ਤੇ ਮੁੱਖ ਰੂਪ 'ਚ ਗਰਮ ਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ 'ਚ ਹੀਟਵੇਵ ਦੀ ਸਥਿਤੀ ਬਣ ਸਕਦੀ ਹੈ।

ਪਾਕਿਸਤਾਨ ਦੇ ਮੌਸਮ ਵਿਭਾਗ ਵੱਲੋਂ ਜਾਰੀ ਹੀਟਵੇਵ ਅਲਰਟ ਤੋਂ ਬਾਅਦ ਸਿੰਧ ਸਰਕਾਰ ਨੇ ਸੰਬੰਧਤ ਅਧਿਕਾਰੀਆਂ ਨੂੰ ਜਾਨੀ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਸਾਵਧਾਨੀ ਵਰਤਣ ਦਾ ਨਿਰਦੇਸ਼ ਦਿੱਤਾ ਹੈ। ਪਾਕਿਸਤਾਨ 'ਚ ਇਕ ਪਾਸੇ ਗਰਮੀ ਵਧ ਰਹੀ ਹੈ ਤਾਂ ਦੂਸਰੇ ਪਾਸੇ ਕੋਰੋਨਾ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਪਾਕਿਸਤਾਨ ਸਰਕਾਰ ਨੇ ਬੀਤੇ ਦਿਨੀਂ ਕੋਰੋਨਾ ਦੀ ਤੀਸਰੀ ਲਹਿਰ ਦੀ ਜਾਣਕਾਰੀ ਦਿੱਤੀ ਸੀ।

ਭਾਰਤ 'ਚ ਅੱਜ ਤੋਂ ਦਿਸੇਗਾ ਵੈਸਟਰਨ ਡਿਸਟਰਬੈਂਸ ਦਾ ਅਸਰ

ਪਾਕਿਸਤਾਨ ਤੋਂ ਇਲਾਵਾ ਭਾਰਤ 'ਚ ਅੱਜ ਤੋਂ ਇਕ ਹੋਰ Western Disturbance ਸਰਗਰਮ ਹੋਵੇਗਾ, ਜਿਸ ਨਾਲ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਵੇਗੀ। ਇਨ੍ਹਾਂ ਪੱਛਮੀ ਗੜਬੜ ਵਾਲੀਆਂ ਪੌਣਾਂ ਕਾਰਨ ਕੁਝ ਹਿੱਸਿਆਂ 'ਚ ਮੌਸਮ ਤੇਜ਼ੀ ਨਾਲ ਕਰਵਟ ਲਵੇਗਾ। ਇਸ ਕਾਰਨ ਉੱਤਰਾਖੰਡ 'ਚ 7 ਅਪ੍ਰੈਲ ਨੂੰ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਕਈ ਸੂਬਿਆਂ 'ਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਜਿਹੇ ਵਿਚ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

Posted By: Seema Anand