ਪਰਮਜੀਤ ਸਿੰਘ ਸਾਸਨ

ਕੌਮਾਂਤਰੀ ਭਾਈਚਾਰੇ ਵਿਚ ਇਹ ਸੰਦੇਸ਼ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ 2008 ਦੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਹਾਫ਼ਿਜ਼ ਸਈਦ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਤੇ ਉਸ ਦੀ ਮਹਿਮਾਨਨਿਵਾਜ਼ੀ ਕਰ ਰਹੀ ਹੈ। ਹਾਫ਼ਿਜ਼ ਸਈਦ ਇਸ ਸਮੇਂ ਪਾਕਿਸਤਾਨ ਵਿਚ ਖੁੱਲ੍ਹੇ ਆਮ ਘੁੰਮ ਰਿਹਾ ਹੈ। ਭਾਰਤ ਨੇ ਕਈ ਵਾਰ ਪਾਕਿਸਤਾਨ ਨੂੰ ਮੁੰਬਈ ਹਮਲੇ ਦੇ ਡੋਜ਼ੀਅਰ ਵੀ ਸੌਂਪੇ ਪ੍ਰੰਤੂ ਪਾਕਿਸਤਾਨ ਨੇ ਹਾਫ਼ਿਜ਼ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। 26 ਨਵੰਬਰ, 2008 ਨੂੰ ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀ ਸਮੁੰਦਰ ਰਸਤੇ ਭਾਰਤ ਵਿਚ ਦਾਖ਼ਲ ਹੋਏ ਸਨ ਤੇ ਉਨ੍ਹਾਂ ਮੁੰਬਈ ਵਿਚ ਵੱਖ-ਵੱਖ ਥਾਵਾਂ 'ਤੇ ਫਾਇਰਿੰਗ ਕਰ ਕੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਦਕਿ ਇਨ੍ਹਾਂ ਹਮਲਿਆਂ ਵਿਚ 300 ਲੋਕ ਜ਼ਖ਼ਮੀ ਵੀ ਹੋਏ ਸਨ। ਇਸ ਦੌਰਾਨ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਤੇ ਜਮਾਤ-ਉਦ-ਦਾਵਾ ਦੇ ਸੱਤ ਹੋਰ ਮੈਂਬਰਾਂ ਨੂੰ ਅੱਤਵਾਦ ਲਈ ਫੰਡਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀਆਂ ਕਈ ਅਦਾਲਤਾਂ ਨੇ ਵੱਖ-ਵੱਖ ਮਾਮਲਿਆਂ ਵਿਚ ਹਾਫ਼ਿਜ਼ ਨੂੰ ਦੋਸ਼ੀ ਕਰਾਰ ਦਿੱਤਾ ਪ੍ਰੰਤੂ ਉਹ ਹਰ ਵਾਰ ਬਰੀ ਕਰ ਦਿੱਤਾ ਗਿਆ।

'ਨਯਾ ਪਾਕਿਸਤਾਨ ਹਾਊਸਿੰਗ ਸਕੀਮ' ਨੂੰ ਟੈਕਸ ਤੋਂ ਰਾਹਤ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 'ਨਯਾ ਪਾਕਿਸਤਾਨ ਹਾਊਸਿੰਗ ਸਕੀਮ' ਨੂੰ ਸੇਲਜ਼ ਟੈਕਸ ਅਤੇ ਮਕਾਨ ਉਸਾਰੀ ਬਾਰੇ ਲਾਏ ਗਏ ਹੋਰ ਟੈਕਸਾਂ ਤੋਂ ਛੋਟ ਦੇ ਦਿੱਤੀ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਮਕਾਨ ਉਸਾਰੀ ਦੇ ਸਾਮਾਨ ਵਿਚ ਮਿਲਾਵਟ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਦਾ ਰੁਖ਼ ਸਖ਼ਤ ਹੈ ਅਤੇ ਲੋੜ ਪੈਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਵਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਤੇ ਕੰਟਰੋਲ ਲਈ ਕਮੇਟੀ ਦਾ ਗਠਨ ਕੀਤਾ ਹੈ। 'ਨਯਾ ਪਾਕਿਸਤਾਨ ਹਾਊਸਿੰਗ ਸਕੀਮ' ਘੱਟ ਆਮਦਨ ਵਰਗ ਦੇ ਲੋਕਾਂ ਲਈ ਬਣਾਈ ਗਈ ਹੈ। ਪ੍ਰਧਾਨ ਮੰਤਰੀ ਨੇ ਫੈਡਰਲ ਬੋਰਡ ਆਫ ਰੈਵੇਨਿਊ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਨਵੇਂ ਹਾਊਸਿੰਗ ਪ੍ਰਾਜੈਕਟ ਤੋਂ ਸੇਲਜ਼ ਟੈਕਸ ਖ਼ਤਮ ਕਰੇ। ਅਵਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖ਼ੈਬਰ ਪਖਤੂਨਖਵਾ ਵਿਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਢੁਕਵੇਂ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।

ਮਰੀਅਮ ਖ਼ਿਲਾਫ਼ ਐੱਨਏਬੀ ਪੁੱਜਾ ਸੁਪਰੀਮ ਕੋਰਟ

ਪਾਕਿਸਤਾਨ ਦਾ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਮਰੀਅਮ ਨਵਾਜ਼ ਸ਼ਰੀਫ਼ ਨੂੰ ਲਾਹੌਰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਖ਼ਿਲਾਫ਼ ਸੁਪਰੀਮ ਕੋਰਟ ਪੁੱਜ ਗਿਆ ਹੈ। ਇਹ ਜ਼ਮਾਨਤ ਚੌਧਰੀ ਸ਼ੂਗਰ ਮਿਲਜ਼ ਲਿਮਟਿਡ ਮਾਮਲੇ ਵਿਚ ਦਿੱਤੀ ਗਈ ਹੈ। ਕੌਮੀ ਜਵਾਬਦੇਹੀ ਬਿਊਰੋ ਨੇ ਸੰਵਿਧਾਨ ਦੀ ਧਾਰਾ 185 ਤਹਿਤ ਸੁਪਰੀਮ ਕੋਰਟ ਵਿਚ ਅਪੀਲ ਕਰ ਕੇ ਮਰੀਅਮ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਬਿਊਰੋ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਲਾਹੌਰ ਹਾਈ ਕੋਰਟ ਨੇ ਮਰੀਅਮ ਨੂੰ ਜ਼ਮਾਨਤ ਦੇਣ ਤੋਂ ਪਹਿਲਾਂ ਬਿਊਰੋ ਵੱਲੋਂ ਪੇਸ਼ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਨਹੀਂ ਕੀਤੀ। ਬਿਊਰੋ ਨੇ ਕਿਹਾ ਕਿ ਮਰੀਅਮ ਨਵਾਜ਼ ਚੌਧਰੀ ਸ਼ੂੁਗਰ ਮਿਲਜ਼ ਲਿਮਟਿਡ ਵਿਚ ਸ਼ੇਅਰ ਧਾਰਕ ਸੀ ਤੇ ਮਿੱਲ ਦੇ ਖਾਤੇ ਵਿਚ ਲੱਖਾਂ ਰੁਪਏ ਦੇ ਗ਼ਲਤ ਇੰਦਰਾਜ ਹੋਏ। ਅਪੀਲ ਵਿਚ ਕਿਹਾ ਗਿਆ ਹੈ ਕਿ ਮਰੀਅਮ 1992 ਤੋਂ 1997 ਤਕ ਚੌਧਰੀ ਸ਼ੂਗਰ ਮਿਲਜ਼ ਵਿਚ ਸਭ ਤੋਂ ਵੱਡੀ ਸ਼ੇਅਰ ਧਾਰਕ ਸੀ ਤੇ ਇਸ ਅਰਸੇ ਦੌਰਾਨ ਵੱਡੇ ਲੈਣ-ਦੇਣ ਹੋਏ।

ਸੈਲਾਨੀਆਂ ਦੀ ਖਿੱਚ ਦਾ ਕੇਂਦਰ ਆਜ਼ਾਦ ਕਸ਼ਮੀਰ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਿਸ ਨੂੰ ਆਜ਼ਾਦ ਕਸ਼ਮੀਰ ਵੀ ਕਿਹਾ ਜਾਂਦਾ ਹੈ ਅੱਜਕੱਲ੍ਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਸੈਲਾਨੀ ਇਥੋਂ ਦੀਆਂ ਹਸੀਨ ਵਾਦੀਆਂ ਨੂੰ ਵੇਖਣ ਲਈ ਆਉਂਦੇ ਹਨ। ਇਥੋਂ ਦੇ 10 ਸਥਾਨ ਅਜਿਹੇ ਹਨ ਜੋ ਸੈਲਾਨੀਆਂ ਲਈ ਆਕਰਸ਼ਨ ਦਾ ਕੇਂਦਰ ਹਨ। ਇਨ੍ਹਾਂ ਵਿਚ ਨੀਲਮ ਵਾਦੀ, ਰਾਵਲਾਕੋਟ, ਬਾਨਜੋਸਾ ਝੀਲ, ਜੇਹਲਮ ਵਾਦੀ, ਰਾਮਕੋਟ ਕਿਲ੍ਹਾ, ਟੋਲੀ ਪੀਰ, ਪੀਰ ਚਿਨਾਸੀ, ਲੀਪਾ ਵਾਦੀ, ਰੈੱਡ ਫੋਰਟ, ਸ਼ੌਂਟਰ ਝੀਲ ਸ਼ਾਮਲ ਹਨ। ਇਥੋਂ ਦੀਆਂ ਖ਼ੂਬਸੂਰਤ ਵਾਦੀਆਂ ਤੇ ਕੁਦਰਤੀ ਝੀਲਾਂ ਨੂੰ ਵੇਖ ਕੇ ਸੈਲਾਨੀਆਂ ਦੇ ਮਨ ਨੂੰ ਸਕੂਨ ਮਿਲਦਾ ਹੈ। ਪਾਕਿਸਤਾਨ ਦਾ ਸੈਰ-ਸਪਾਟਾ ਵਿਭਾਗ ਇਨ੍ਹਾਂ ਸਥਾਨਾਂ ਦੀ ਦੇਖਭਾਲ ਕਰਦਾ ਹੈ। ਸੈਲਾਨੀਆਂ ਨੂੰ ਹੋਟਲ ਵੀ ਆਸਾਨੀ ਨਾਲ ਮਿਲ ਜਾਂਦੇ ਹਨ ਤੇ ਇਨ੍ਹਾਂ ਦੀ ਆਨਲਾਈਨ ਬੁਕਿੰਗ ਹੋ ਜਾਂਦੀ ਹੈ। ਇਥੋਂ ਦੇ ਲਜ਼ੀਜ਼ ਕਸ਼ਮੀਰੀ ਖਾਣੇ ਸੈਲਾਨੀਆਂ ਦੀ ਪਹਿਲੀ ਪਸੰਦ ਬਣਦੇ ਹਨ। ਪਾਕਿਸਤਾਨ ਦਾ ਸੈਰ-ਸਪਾਟਾ ਵਿਭਾਗ ਜ਼ਿਆਦਾ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਛੋਟਾਂ ਵੀ ਦੇ ਰਿਹਾ ਹੈ।