ਇਸਲਾਮਾਬਾਦ (ਏਜੰਸੀ) : ਵਿਆਹ ਦੇ ਜਾਲ 'ਚ ਫਸਾ ਕੇ ਪਾਕਿਸਤਾਨੀ ਮੁਟਿਆਰਾਂ ਦੀ ਚੀਨ 'ਚ ਸਮੱਗਲਿੰਗ ਨੂੰ ਲੈ ਕੇ ਉਠੇ ਵਿਵਾਦ ਵਿਚਾਲੇ ਚੀਨੀ ਦੂਤਘਰ ਨੇ 90 ਲਾੜੀਆਂ ਦਾ ਵੀਜ਼ਾ ਰੋਕ ਦਿੱਤਾ ਹੈ। ਹਾਲ ਹੀ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਚੀਨ ਲੈ ਜਾਕੇ ਪਾਕਿਸਤਾਨੀ ਮੁਟਿਆਰਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਪਾ ਦਿੱਤਾ ਜਾਂਦਾ ਹੈ। ਇਸ ਧੰਦੇ 'ਚ ਸ਼ਾਮਲ ਕਈ ਚੀਨੀ ਨਾਗਰਿਕਾਂ ਦੀ ਪਾਕਿਸਤਾਨ 'ਚ ਗਿ੍ਫ਼ਤਾਰੀ ਵੀ ਹੋ ਚੁੱਕੀ ਹੈ। ਐਕਸਪ੍ਰੈੱਸ ਟਿ੍ਬਿਊਨ ਅਖ਼ਬਾਰ ਅਨੁਸਾਰ, ਪਾਕਿਸਤਾਨ 'ਚ ਚੀਨੀ ਦੂਤਘਰ ਦੇ ਉਪ ਮੁਖੀ ਲਿਜਿਆਨ ਝਾਓ ਨੇ ਮੰਗਲਵਾਰ ਨੂੰ ਕਿਹਾ, 'ਪਾਕਿਸਤਾਨੀ ਲਾੜੀਆਂ ਦੇ ਵੀਜ਼ਾ ਲਈ ਚੀਨੀ ਨਾਗਰਿਕਾਂ ਵੱਲੋਂ ਇਸ ਸਾਲ ਹੁਣ ਤਕ 140 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ ਸਿਰਫ 50 ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲੀ। ਬਾਕੀ ਅਰਜ਼ੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਪਿਛਲੇ ਵਰ੍ਹੇ ਦੂਤਘਰ ਨੂੰ ਇਸ ਤਰ੍ਹਾਂ ਦੀਆਂ 142 ਅਰਜ਼ੀਆਂ ਮਿਲੀਆਂ ਸਨ।

ਪਾਕਿਸਤਾਨ ਦੀ ਸਰਕਾਰ ਨੇ ਹਾਲ ਹੀ 'ਚ ਸੰਘੀ ਜਾਂਚ ਏਜੰਸੀ ਨੂੰ ਪਾਕਿਸਤਾਨੀ ਮੁਟਿਆਰਾਂ ਦੀ ਚੀਨ 'ਚ ਸਮੱਗਲਿੰਗ ਕਰਨ 'ਚ ਸ਼ਾਮਲ ਗਿਰੋਹਾਂ 'ਤੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ। ਸਥਾਨਕ ਮੀਡੀਆ ਅਨੁਸਾਰ, ਨਾਜਾਇਜ਼ ਢੰਗ ਨਾਲ ਚੱਲ ਰਹੇ ਵਿਆਹ ਕੇਂਦਰ ਗ਼ਰੀਬ ਤੇ ਈਸਾਈ ਮੁਟਿਆਰਾਂ ਨੂੰ ਚੰਗੀ ਜ਼ਿੰਦਗੀ ਦਾ ਸੁਪਨਾ ਵਿਖਾ ਕੇ ਅਤੇ ਵੱਡੀ ਰਕਮ ਦਾ ਲਾਲਚ ਦੇ ਕੇ ਪਾਕਿਸਤਾਨ 'ਚ ਘੁੰਮਣ ਆਉਣ ਵਾਲੇ ਜਾਂ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਨਾਲ ਵਿਆਹ ਦਾ ਲਾਲਚ ਦਿੰਦੇ ਹਨ। ਇਹ ਕੇਂਦਰ ਚੀਨੀ ਨਾਗਰਿਕਾਂ ਦੇ ਫਰਜ਼ੀ ਦਸਤਾਵੇਜ਼ ਵਿਖਾਉਂਦੇ ਹਨ, ਜਿਸ 'ਚ ਉਨ੍ਹਾਂ ਨੂੰ ਮੁਸਲਿਮ ਜਾਂ ਈਸਾਈ ਵਜੋਂ ਵਿਖਾਇਆ ਜਾਂਦਾ ਹੈ। ਇਨ੍ਹਾਂ ਪਾਕਿਸਤਾਨੀ ਮੁਟਿਆਰਾਂ 'ਚੋਂ ਜ਼ਿਆਦਾਤਰ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਪਾ ਦਿੱਤਾ ਜਾਂਦਾ ਹੈ।

ਚੀਨ ਨੇ ਖ਼ਬਰਾਂ ਦਾ ਕੀਤਾ ਖੰਡਨ

ਪਾਕਿਸਤਾਨੀ ਮੁਟਿਆਰਾਂ ਨੂੰ ਲੈ ਕੇ ਆਈਆਂ ਖ਼ਬਰਾਂ 'ਤੇ ਚੀਨੀ ਡਿਪਲੋਮੈਟ ਝਾਓ ਨੇ ਕਿਹਾ ਕਿ ਮੀਡੀਆ 'ਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਕੋਈ ਸਬੂਤ ਨਹੀਂ ਹੈ ਕਿ ਲੜਕੀਆਂ ਨੂੰ ਦੇਹ-ਵਪਾਰ ਲਈ ਮਜਬੂਰ ਕੀਤਾ ਜਾਂਦਾ ਹੈ।