ਲਾਹੌਰ (ਏਪੀ) : ਪਾਕਿਸਤਾਨ 'ਚ ਕੱਟੜਪੰਥੀਆਂ ਤੇ ਪੁਲਿਸ ਵਿਚਾਲੇ ਹੋਏ ਹਿੰਸਕ ਟਕਰਾਅ 'ਚ ਦੋ ਪ੍ਰਦਰਸ਼ਨਕਾਰੀ ਤੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਲਾਹੌਰ 'ਚ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਮੁਖੀ ਮੌਲਾਨਾ ਸਾਦ ਰਿਜ਼ਵੀ ਦੀ ਸੋਮਵਾਰ ਨੂੰ ਹੋਈ ਗਿ੍ਫ਼ਤਾਰੀ ਵਿਰੁੱਧ ਪ੍ਰਦਰਸ਼ਨ ਹੋਏ ਹਨ। ਰਿਜ਼ਵੀ ਦੇ ਹਮਾਇਤੀਆਂ ਨਾਲ ਪੂਰੀ ਰਾਤ ਪੁਲਿਸ ਮੁਲਾਜ਼ਮਾਂ ਦਾ ਟਕਰਾਅ ਹੋਇਆ। ਸੀਨੀਅਰ ਪੁਲਿਸ ਅਧਿਕਾਰੀ ਗ਼ੁਲਾਮ ਮੁਹੰਮਦ ਡੋਗਰ ਨੇ ਦੱਸਿਆ ਕਿ ਲਾਹੌਰ ਨੇੜੇ ਸ਼ਹਾਦਰਾ ਕਸਬੇ 'ਚ ਹੋਏ ਟਕਰਾਅ 'ਚ 10 ਮੁਲਾਜ਼ਮ ਜ਼ਖ਼ਮੀ ਵੀ ਹੋਏ ਹਨ।

ਪਾਕਿਸਤਾਨੀ ਪੰਜਾਬ ਸੂਬੇ 'ਚ ਦੋ ਕੱਟੜਪੰਥੀ ਮਾਰੇ ਗਏ ਹਨ। ਰਿਜ਼ਵੀ ਦੀ ਗਿ੍ਫ਼ਤਾਰੀ ਤੋਂ ਬਾਅਦ ਸੋਮਵਾਰ ਨੂੰ ਹੀ ਹਿੰਸਾ ਸ਼ੁਰੂ ਹੋ ਗਈ ਸੀ। ਇਸਲਾਮੀ ਪਾਰਟੀ ਦੇ ਮੁਖੀ ਨੂੰ ਸਰਕਾਰ ਨੂੰ ਧਮਕਾਉਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ। ਰਿਜ਼ਵੀ ਨੇ ਹਜ਼ਰਤ ਮੁਹੰਮਦ ਦੀ ਤਸਵੀਰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਅਪਮਾਨ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਬਾਹਰ ਨਾ ਕੱਢਣ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਦੀ ਧਮਕੀ ਦਿੱਤੀ ਸੀ। ਹਾਲਾਂਕਿ ਸਰਕਾਰ ਨੇ ਕਿਹਾ ਕਿ ਉਸ ਨੇ ਸਿਰਫ ਸੰਸਦ 'ਚ ਮੁੱਦੇ 'ਤੇ ਚਰਚਾ ਕਰਵਾਉਣ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ।

ਡੋਗਰ ਮੁਤਾਬਕ, ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਰਿਜ਼ਵੀ ਦੀ ਗਿ੍ਫ਼ਤਾਰੀ ਕੀਤੀ ਹੈ। ਰਿਜ਼ਵੀ ਨੂੰ ਹਿਰਾਸਤ 'ਚ ਲੈਣ ਤੋਂ ਤੁਰੰਤ ਬਾਅਦ ਹੀ ਪੂਰੇ ਦੇਸ਼ ਦੇ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਕਈ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਤੇ ਸੜਕ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀ ਫਰਾਂਸ ਦੇ ਸਾਮਾਨ ਦੇ ਬਾਈਕਾਟ ਤੇ ਰਾਜਦੂਤ ਨੂੰ ਦੇਸ਼ 'ਚੋਂ ਕੱਢਣ ਦੀ ਮੰਗ ਕਰ ਰਹੇ ਹਨ।