ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਲੋਕਤੰਤਰੀ ਕਦਰਾਂ-ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਇੱਥੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਘੱਟ-ਗਿਣਤੀਆਂ ਨਾਲ ਹਿੰਸਾ ਤੇ ਅੱਤਵਾਦ ਵਰਗੇ ਮੁੱਦਿਆਂ 'ਤੇ ਵੀ ਹਾਲਤ ਖ਼ਰਾਬ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਹਾਲੀਆ ਜਾਰੀ ਕੀਤੀ ਗਈ ਰਿਪੋਰਟ 'ਚ ਇਸ ਦਾ ਸਿਲਸਿਲੇਵਾਰ ਕੱਚਾ ਚਿੱਠਾ ਖੋਲਿ੍ਹਆ ਗਿਆ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਹਮੇਸ਼ਾ ਹਿੰਸਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਗਿ੍ਫ਼ਤਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੱਤਰਕਾਰਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ ਤੇ ਇੰਟਰਨੈੱਟ ਮੀਡੀਆ 'ਤੇ ਵੀ ਸੈਂਸਰਸ਼ਿਪ ਵੱਧ ਰਹੀ ਹੈ। ਅੌਰਤਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਦੇਸ਼ 'ਚ ਅਧਿਕਾਰੀਆਂ 'ਚ ਭਿ੍ਸ਼ਟਾਚਾਰ ਵਧਣ ਨਾਲ ਹੀ ਜਾਂਚ ਦੇ ਨਾਂ 'ਤੇ ਹਿਰਾਸਤ 'ਚ ਮੌਤ ਦੀਆਂ ਘਟਨਾਵਾਂ 'ਚ ਵੀ ਇਜ਼ਾਫਾ ਹੋਇਆ ਹੈ। ਪਾਕਿਸਤਾਨ ਮਨੁੱਖੀ ਸਮੱਗਲਿੰਗ ਦੇ ਮਾਮਲੇ 'ਚ ਵੀ ਅੱਗੇ ਹੈ। ਇਸ ਦਾ ਸਿੱਧਾ ਅਸਰ ਅੌਰਤਾਂ 'ਤੇ ਪੈ ਰਿਹਾ ਹੈ। ਘੱਟ-ਗਿਣਤੀਆਂ ਨੂੰ ਦੋਇਮ ਦਰਜੇ ਦਾ ਨਾਗਰਿਕ ਸਮਿਝਆ ਜਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਘੱਟ-ਗਿਣਤੀਆਂ 'ਤੇ ਦੇਸ਼ ਦੇ ਹਰ ਹਿੱਸੇ 'ਚ ਹਮਲੇ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅਜਿਹੇ ਮਾਮਲਿਆਂ 'ਚ ਸਰਕਾਰੀ ਤੰਤਰ ਵੀ ਘੱਟ-ਗਿਣਤੀਆਂ ਦੀ ਮਦਦ ਨਹੀਂ ਕਰਦਾ। ਭੀੜ ਦੀ ਹਿੰਸਾ ਦੇ ਮਾਮਲੇ ਬਹੁਤ ਹੀ ਘੱਟ ਦਰਜ ਕੀਤੇ ਜਾਂਦੇ ਹਨ। ਇਨ੍ਹਾਂ ਦੇ ਸ਼ਿਕਾਰ ਜ਼ਿਆਦਾਤਰ ਹਿੰਦੂ, ਇਸਾਈ, ਅਹਿਮਦੀ ਤੇ ਸ਼ੀਆ ਹੁੰਦੇ ਹਨ।