ਲੰਡਨ (ਏਐੱਨਆਈ) : ਬਲੋਚ ਆਗੂ ਮੇਹਰਾਨ ਮੱਰੀ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਦੀ ਫ਼ੌਜ ਨੇ ਘੱਟ ਗਿਣਤੀ ਬਲੋਚ ਭਾਈਚਾਰੇ ਖ਼ਿਲਾਫ਼ ਹਿੰਸਾ ਤੇ ਜ਼ੁਲਮ ਦਾ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ। ਮੇਹਰਾਨ ਨੇ ਇੱਥੇ ਕਿਹਾ, ਪਿਛਲੇ ਇਕ ਮਹੀਨੇ 'ਚ ਪਾਕਿ ਫ਼ੌਜੀਆਂ ਨੇ ਦੋ ਔਰਤਾਂ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲੀ ਵਾਰਦਾਤ ਮਰਦਾਨ ਸ਼ਹਿਰ ਦੀ ਹੈ ਜਦਕਿ ਦੂਜੀ ਵਾਰਦਾਤ ਨੂੰ ਤੱਟੀ ਸ਼ਹਿਰ ਗਵਾਦਰ 'ਚ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਫ਼ੌਜ ਤੇ ਮੁਲਕ ਦੀ ਖ਼ੁਫ਼ੀਆ ਏਜੰਸੀ ਨੇ ਧਰਮ ਤੇ ਨਸਲ ਦੇ ਨਾਂ 'ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਲੁੱਟਮਾਰ ਮਚਾਈ ਹੋਈ ਹੈ। ਉਨ੍ਹਾਂ ਪਾਕਿਸਤਾਨ 'ਚ ਬਲੋਚਾਂ ਦੇ ਹਾਲਾਤ ਦੀ ਤੁਲਨਾ ਆਜ਼ਾਦੀ ਤੋਂ ਪਹਿਲਾਂ ਬੰਗਲਾਦੇਸ਼ 'ਚ ਪਾਕਿਸਤਾਨੀ ਫ਼ੌਜ ਵੱਲੋਂ ਢਾਹੇ ਗਏ ਜ਼ੁਲਮਾਂ ਨਾਲ ਕੀਤੀ।

ਬਲੋਚਾਂ ਦੇ ਅਧਿਕਾਰ ਲਈ ਕੰਮ ਕਰਨ ਵਾਲੇ ਵਰਕਰਾਂ ਨੇ ਪਾਕਿ 'ਚ ਮਨੁੱਖੀ ਅਧਿਕਾਰ ਦੀ ਘੋਰ ਉਲੰਘਣਾ 'ਤੇ ਭਾਰਤ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਨ੍ਹਾਂ ਵਰਕਰਾਂ ਨੇ ਇਸੇ ਮਹੀਨੇ ਸੰਯੁਕਤ ਰਾਸ਼ਟਰ (ਯੂਐੱਨ) ਮਹਾਸਭਾ ਦੀ ਬੈਠਕ 'ਚ ਹਿੱਸਾ ਲੈਣ ਅਮਰੀਕਾ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮੁੱਦੇ ਨੂੰ ਯੂਐੱਨ 'ਚ ਵੀ ਉਠਾਉਣ ਦੀ ਮੰਗ ਕੀਤੀ ਹੈ। ਬਲੋਚਾਂ ਖ਼ਿਲਾਫ਼ ਸਰਕਾਰ ਹਮਾਇਤੀ ਹਿੰਸਾ ਤੇ ਜ਼ੁਲਮ ਨੂੰ ਉਜਾਗਰ ਕਰਨ ਲਈ ਮਨੁੱਖੀ ਅਧਿਕਾਰ ਵਰਕਰਾਂ ਦਾ ਸਮੂਹ ਕਈ ਕੌਮਾਂਤਰੀ ਮੰਚਾਂ 'ਤੇ ਪ੍ਰਦਰਸ਼ਨ ਚੁੱਕਾ ਹੈ।