ਕਾਬੁਲ (ਏਪੀ) : ਇਸਲਾਮਿਕ ਸਟੇਟ (ਆਈਐੱਸ) ਨੇ ਸੜਕ ਕਿਨਾਰੇ ਕੀਤੇ ਬੰਬ ਧਮਾਕੇ ਦੀ ਐਤਵਾਰ ਨੂੰ ਜ਼ਿੰਮੇਵਾਰੀ ਲਈ ਹੈ ਜਿਸ 'ਚ ਇਕ ਸਥਾਨਕ ਟੀਵੀ ਸਟੇਸ਼ਨ ਦੀ ਬੱਸ ਨੁਕਸਾਨੀ ਗਈ ਤੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ। ਅਫ਼ਗਾਨ ਗ੍ਰਹਿ ਮੰਤਰਾਲੇ ਦੇ ਡਿਪਟੀ ਬੁਲਾਰੇ ਮਾਰਵਾ ਅਮੀਨੀ ਨੇ ਦੱਸਿਆ ਕਿ ਇਸ ਹਮਲੇ ਵਿਚ ਚਾਰ ਮੁਲਾਜ਼ਮ ਜ਼ਖ਼ਮੀ ਵੀ ਹੋਏ ਹਨ।

ਆਈਐੱਸ ਨਾਲ ਸਬੰਧਤ ਵੈੱਬਸਾਈਟ 'ਤੇ ਦੱਸਿਆ ਗਿਆ ਕਿ ਇਹ ਹਮਲਾ ਖੁਰਸ਼ੀਦ ਟੀਵੀ ਸਟੇਸ਼ਨ ਦੀ ਬੱਸ 'ਤੇ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਸਰਕਾਰ ਦਾ ਹੱਥਠੋਕਾ ਹੈ। ਇਸ ਇਲਾਕੇ ਵਿਚ ਤਾਲਿਬਾਨ ਤੇ ਆਈਐੱਸ ਦੋਵੇਂ ਸਰਗਰਮ ਹਨ। ਆਈਐੱਸ ਆਮ ਸ਼ਹਿਰੀਆਂ ਤੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਾ ਹੈ ਜਦਕਿ ਤਾਲਿਬਾਨ ਸਰਕਾਰੀ ਤੇ ਅਮਰੀਕੀ ਫ਼ੌਜਾਂ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ। ਇਹ ਹਮਲਾ ਈਦ ਮੌਕੇ ਰੱਖੀ ਗਈ ਤਿੰਨ ਦਿਨਾਂ ਦੀ ਜੰਗਬੰਦੀ ਦੇ ਖ਼ਤਮ ਹੋਣ 'ਤੇ ਕੀਤਾ ਗਿਆ ਹੈ।