ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕਣ ਲਈ ਮੁਲਕ 'ਚ ਫ਼ੌਜੀਆਂ ਤੇ ਫ਼ੌਜੀ ਮੈਡੀਕਲ ਸਾਧਨਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਸੰਘੀ ਸਰਕਾਰ ਸਮੇਤ ਦੇਸ਼ ਦੇ ਚਾਰਾਂ ਸੂਬਿਆਂ ਦੀਆਂ ਸਰਕਾਰਾਂ ਨੇ ਇਨਫੈਕਸ਼ਨ ਦੀ ਰੋਕਥਾਮ ਲਈ ਫ਼ੌਜ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਪਾਕਿਸਤਾਨ 'ਚ ਹੁਣ ਤਕ 903 ਲੋਕ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੇਠ ਆ ਚੁੱਕੇ ਹਨ। ਸਿਰਫ ਸਿੰਧ ਸੂਬੇ 'ਚ ਹੀ 399 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕ ਡਾਕਟਰ ਸਮੇਤ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖ਼ਾਰ ਦੇ ਹਵਾਲੇ ਤੋਂ ਡਾਨ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਪੱਛਮੀ ਸਰਹੱਦ ਤੇ ਕੰਟਰੋਲ ਲਾਈਨ 'ਤੇ ਫ਼ੌਜ ਦੀ ਤਾਇਨਾਤੀ ਦਾ ਬਾਵਜੂਦ ਫ਼ੌਜ ਮੁਖੀ ਨੇ ਜ਼ਰੂਰਤ ਮੁਤਾਬਕ ਉਪਲਬਧ ਫ਼ੌਜੀਆਂ ਤੇ ਸਾਰੇ ਮੈਡੀਕਲ ਸਾਧਨਾਂ ਦੀ ਤਾਇਨਾਤੀ ਦਾ ਨਿਰਦੇਸ਼ ਦਿੱਤਾ ਹੈ। ਫ਼ੌਜ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਾਏਗੀ। ਫ਼ੌਜੀ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ 'ਚ ਅਜਿਹੇ ਹਾਲਤ ਕਦੇ ਨਹੀਂ ਦੇਖੇ।

ਇਨਫੈਕਸ਼ਨ ਦੀ ਗਿ੍ਫ਼ਤ 'ਚ ਆਏ ਲੋਕਾਂ ਨੂੰ ਮਕਬੂਜ਼ਾ ਕਸ਼ਮੀਰ ਭੇਜ ਰਿਹਾ ਹੈ ਪਾਕਿਸਤਾਨ

ਸਵਿਟਜ਼ਰਲੈਂਡ 'ਚ ਜਲਾਵਤਨ ਜ਼ਿੰਦਗੀ ਬਤੀਤ ਕਰ ਰਹੇ ਮਕਬੂਜ਼ਾ ਕਸ਼ਮੀਰ ਦੇ ਸਿਆਸੀ ਵਰਕਰਾਂ ਨੇ ਵਾਇਰਸ ਦੀ ਗਿ੍ਫ਼ਤ 'ਚ ਆਏ ਲੋਕਾਂ ਨੂੰ ਮੀਰਪੁਰ ਟਰਾਂਸਫਰ ਕਰਨ 'ਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕੌਮਾਂਤਰੀ ਸਹਾਇਤਾ ਪ੍ਰਰਾਪਤ ਕਰਨ ਲਈ ਪਾਕਿਸਤਾਨ ਜਾਣਬੁੱਝ ਕੇ ਇਨਫੈਕਸ਼ਨ ਫੈਲਾ ਰਿਹਾ ਹੈ। ਯੂਨਾਈਟਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਦੇ ਬੁਲਾਰੇ ਨਸੀਰ ਅਜ਼ੀਜ਼ ਖ਼ਾਨ ਨੇ ਕਿਹਾ ਕਿ ਇਨਫੈਕਸ਼ਨ ਦੀ ਸ਼ੁਰੂਆਤ 'ਚ ਪਾਕਿਸਤਾਨ ਨੇ ਗੰਭੀਰਤਾ ਨਾਲ ਨਹੀਂ ਲਿਆ। ਮਕਬੂਜ਼ਾ ਕਸ਼ਮੀਰ 'ਚ ਇਨਫੈਕਸ਼ਨ ਦਾ ਸਿਰਫ ਇਕ ਮਾਮਲਾ ਸੀ, ਪਰ ਸੋਮਵਾਰ ਨੂੰ 27 ਲੋਕਾਂ ਨੰੂ ਲਿਜਾਇਆ ਗਿਆ। ਇਨ੍ਹਾਂ 'ਚੋਂ 13 ਕੋਰੋਨਾ ਪੌਜ਼ਿਟਿਵ ਸਨ। ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿਵਾਦ ਇਲਾਕਾ ਹੈ ਤੇ ਪਾਕਿਸਤਾਨ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਸਬੰਧ 'ਚ ਉਨ੍ਹਾਂ ਡਬਲਿਊਐੱਚਓ ਤੇ ਸੰਯੁਕਤ ਰਾਸ਼ਟਰ 'ਚ ਸ਼ਿਕਾਇਤ ਵੀ ਕੀਤੀ ਹੈ।