ਇਸਲਾਮਾਬਾਦ : ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਪ੍ਰਧਾਨ ਬਿਲਾਵਲ ਭੁੱਟੋ ਅਤੇ ਉਨ੍ਹਾਂ ਦੇ ਪਿਤਾ ਆਸਿਫ ਅਲੀ ਜ਼ਰਦਾਰੀ 'ਤੇ ਯਾਤਰਾ ਰੋਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਹ ਫ਼ੈਸਲਾ ਕੀਤਾ ਗਿਆ। ਮੰਤਰੀ ਮੰਡਲ ਨੇ 27 ਦਸੰਬਰ ਦੇ ਫਰਜ਼ੀ ਬੈਂਕ ਅਕਾਊਂਟ ਅਤੇ ਮਨੀ ਲਾਂਡਰਿੰਗ ਮਾਮਲਿਆਂ 'ਚ ਸ਼ੱਕੀ ਹੋਣ ਦੇ ਕਾਰਨ ਪੀਪੀਪੀ ਦੇ ਪ੍ਰਮੁੱਖ ਨੇਤਾਵਾਂ ਅਤੇ ਰੀਅਲ ਅਸਟੇਟ ਕੰਪਨੀ ਬਹਿਰੀਆ ਟਾਊਨ ਦੇ ਮਾਲਕ ਮਲਿਕ ਰਿਆਜ਼ ਸਮੇਤ 172 ਲੋਕਾਂ ਦੇ ਨਾਂ ਐਗਜ਼ਿਟ ਕੰਟਰੋਲ ਲਿਸਟ (ਈਸੀਐੱਲ) 'ਚ ਪਾ ਦਿੱਤੇ ਸਨ।

ਸੁਪਰੀਮ ਕੋਰਟ ਨੇ 31 ਦਸੰਬਰ ਨੂੰ ਸਰਕਾਰ ਨੂੰ ਆਪਣੇ ਇਸ ਫ਼ੈਸਲੇ ਦੀ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੇ ਬਾਅਦ ਸਰਕਾਰ ਨੇ ਗ੍ਰਹਿ ਮੰਤਰਾਲੇ ਅਧੀਨ ਇਕ ਵਿਸ਼ੇਸ਼ ਕਮੇਟੀ ਨੂੰ ਇਸ ਦੀ ਸਮੀਖਿਆ ਦਾ ਕੰਮ ਸੌਂਪਿਆ ਸੀ। ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ। ਇਸ ਵਿਚ ਪੀਪੀਪੀ ਦੇ ਪ੍ਰਮੁੱਖ ਨੇਤਾਵਾਂ ਸਮੇਤ 20 ਨਾਂ ਈਸੀਐੱਲ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਕੈਬਨਿਟ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ। ਇਸ 'ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਪੀਪੀਪੀ ਦੀ ਨੇਤਾ ਨਫੀਸਾ ਸ਼ਾਹ ਨੇ ਕਿਹਾ ਕਿ ਕੈਬਨਿਟ ਦੇ ਫ਼ੈਸਲੇ ਨੇ ਨਾ ਸਿਰਫ਼ ਇਮਰਾਨ ਖ਼ਾਨ ਦੇ ਖ਼ਤਰਨਾਕ ਚਿਹਰੇ ਨੂੰ ਬਲਕਿ ਇਸ ਗੱਲ ਨੂੰ ਵੀ ਸਾਹਮਣੇ ਲਿਆਂਦਾ ਹੈ ਕਿ ਮੁਲਕ 'ਚ ਤਾਨਾਸ਼ਾਹੀ ਆ ਗਈ ਹੈ ਜੋ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੀ ਨਹੀਂ ਮੰਨਦੀ।