ਇਸਲਾਮਾਬਾਦ (ਏਜੰਸੀ) : ਇਸਲਾਮਾਬਾਦ ਦੀ ਹਾਈ ਕੋਰਟ ਨੇ ਭਾਰਤੀ ਨੇਵੀ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਤਿੰਨ ਸੀਨੀਅਰ ਵਕੀਲਾਂ ਨੂੰ ਨਿਆ ਮਿੱਤਰ ਨਾਮਜ਼ਦ ਕੀਤਾ ਹੈ। ਨਾਲ ਹੀ ਪਾਕਿਸਤਾਨ ਸਰਕਾਰ ਨੂੰ ਜਾਧਵ ਲਈ ਇਕ ਵਕੀਲ ਨਿਯੁਕਤ ਕਰਨ ਦਾ ਭਾਰਤ ਨੂੰ ਇਕ ਹੋਰ ਮੌਕਾ ਦੇਣ ਦਾ ਹੁਕਮ ਦਿੱਤਾ ਹੈ। ਭਾਰਤ ਨੇ ਜਾਧਵ ਨੂੰ ਡਿਪਲੋਮੈਟ ਪਹੁੰਚ ਨਾ ਦੇਣ ਤੇ ਮੌਤ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਪਾਕਿ ਖ਼ਿਲਾਫ਼ ਕੌਮਾਂਤਰੀ ਅਦਾਲਤ ਦਾ ਰੁਖ਼ ਕੀਤਾ ਸੀ।

ਹੇਗ ਸਥਿਤ ਕੌਮਾਂਤਰੀ ਕੋਰਟ (ਆਈਸੀਜੇ) ਨੇ ਜੁਲਾਈ 2019 'ਚ ਫ਼ੈਸਲਾ ਕੀਤਾ ਸੀ ਕਿ ਪਾਕਿਸਤਾਨ ਨੂੰ ਜਾਧਵ ਦੇ ਦੋਸ਼ ਸਾਬਿਤ ਕਰਨ ਤੇ ਮੌਤ ਦੀ ਸਜ਼ਾ ਦੀ ਅਸਰਦਾਰ ਸਮੀਖਿਆ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਬਗ਼ੈਰ ਕਿਸੇ ਦੇਰੀ ਦੇ ਭਾਰਤ ਨੂੰ ਸਫ਼ਾਰਤੀ ਪਹੁੰਚ ਦੇਣ ਦੀ ਇਜਾਜ਼ਤ ਵੀ ਦੇਣੀ ਚਾਹੀਦੀ ਹੈ।

ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਲ ਮਿਨਾੱਲਾ ਤੇ ਜਸਟਿਸ ਮੀਆਂਗੁਲ ਔਰੰਗਜੇਬ ਦੇ ਬੈਂਚ ਨੇ ਜਾਧਵ ਲਈ ਵਕੀਲ ਨਿਯੁਕਤ ਕਰਨ ਦੀ ਪਾਕਿਸਤਾਨ ਸਰਕਾਰ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਤਿੰਨ ਵਕੀਲਾਂ ਦਾ ਪੈਨਲ ਸੁਝਾਇਆ। ਨਿਆ ਮਿੱਤਰ ਉਹ ਹੁੰਦਾ ਹੈ ਜਿਸ ਨੂੰ ਕਿਸੇ ਮਾਮਲੇ 'ਚ ਸਹਾਇਤਾ ਲਈ ਅਦਾਲਤ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ। ਅਦਾਲਤ ਨੇ ਮਾਮਲੇ ਲਈ ਇਕ ਵੱਡੇ ਬੈਂਚ ਦੇ ਗਠਨ ਦਾ ਵੀ ਹੁਕਮ ਦਿੱਤਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਤਿੰਨ ਸਤੰਬਰ ਦੁਪਹਿਰ ਦੋ ਵਜੇ ਵੱਡੇ ਬੈਂਚ ਦੇ ਸਾਹਮਣੇ ਹੋਵੇਗੀ।

ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਮੁਖੀਆਂ-ਆਬਿਦ ਹਸਨ ਮੰਟੋ, ਹਾਮਿਤ ਖ਼ਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਪਾਕਿਸਤਾਨ ਦੇ ਸਾਬਕਾ ਅਟਾਰਨੀ ਜਨਰਲ ਮਖਦੂਮ ਅਲੀ ਖ਼ਾਨ ਨੂੰ ਕਾਨੂੰਨੀ ਸਹਾਇਤਾ ਤੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦੇ ਅਸਰਦਾਰ ਅਮਲ ਨੂੰ ਯਕੀਨੀ ਬਣਾਉਣ ਲਈ ਨਿਆ ਮਿੱਤਰ ਨਿਯੁਕਤ ਕਰਦੇ ਹਾਂ।

Posted By: Jagjit Singh