ਅਮਾਨ (ਰਾਇਟਰ) : ਜਾਰਡਨ ਦੇ ਇਕ ਖੇਤੀਬਾੜੀ ਫਾਰਮ ਵਿਚ ਅੱਗ ਲੱਗਣ ਨਾਲ ਅੱਠ ਬੱਚਿਆਂ ਸਮੇਤ 13 ਪਾਕਿਸਤਾਨੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਇਹ ਘਟਨਾ ਜਾਰਡਨ ਵੈਲੀ ਵਿਚ ਐਤਵਾਰ ਰਾਤ ਉਸ ਵੇਲੇ ਹੋਈ, ਜਦੋਂ ਇਹ ਲੋਕ ਅਸਥਾਈ ਰੂਪ ਨਾਲ ਬਣੇ ਘਰ ਵਿਚ ਸੌਂ ਰਹੇ ਸਨ। ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਜਾਰਡਨ ਸਿਵਲ ਡਿਫੈਂਸ ਦੇ ਬੁਲਾਰੇ ਇਯਾਦ ਅਲ ਆਮਰੇ ਨੇ ਸੋਮਵਾਰ ਨੂੰ ਕਿਹਾ, ਮੁੱਢਲੀ ਜਾਂਚ ਵਿਚ ਬਿਜਲੀ ਦੀ ਗੜਬੜੀ ਕਾਰਨ ਅੱਗ ਲੱਗਣ ਦੇ ਸੰਕੇਤ ਮਿਲੇ ਹਨ, ਜਦਕਿ ਸਿਵਲ ਡਿਫੈਂਸ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਟੀਨ ਸ਼ੈੱਡ ਵਿਚ ਦੋ ਪਰਿਵਾਰ ਰਹਿੰਦੇ ਸਨ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਫਲਾਂ ਅਤੇ ਸਬਜ਼ੀਆਂ ਦੀ ਉਪਜ ਵਾਲੇ ਜਾਰਡਨ ਵੈਲੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਿੱਜੀ ਖੇਤੀਬਾੜੀ ਫਾਰਮ ਹਨ। ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਮਜ਼ਦੂਰ ਵੀ ਕੰਮ ਕਰਦੇ ਹਨ। ਉਨ੍ਹਾਂ ਨੂੰ ਆਮ ਤੌਰ 'ਤੇ ਟੀਨ ਸ਼ੈੱਡ ਨਾਲ ਬਣੇ ਘਰਾਂ ਵਿਚ ਰੱਖਿਆ ਜਾਂਦਾ ਹੈ। ਸੀਰੀਆ ਨਾਲ ਲੱਗਦੇ ਜਾਰਡਨ ਵਿਚ ਵੱਡੀ ਗਿਣਤੀ ਵਿਚ ਸੀਰੀਆਈ ਸ਼ਰਨਾਰਥੀ ਵੀ ਰਹਿੰਦੇ ਹਨ। ਉਨ੍ਹਾਂ ਦੇ ਕੈਂਪਾਂ ਵਿਚ ਵੀ ਬਿਜਲੀ ਦੀ ਗੜਬੜੀ ਅਤੇ ਗੈਸ ਸਟੋਵ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।