ਕਾਬੁਲ (ਏਜੰਸੀ) : ਅਫ਼ਗਾਨਿਸਤਾਨ 'ਚ ਚੱਲ ਰਹੀ ਜੰਗ 'ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਨੇ ਪਕਤੀਆ ਸੂਬੇ 'ਚ ਤਾਲਿਬਾਨ ਦੇ ਡਿਪਟੀ ਚੀਫ ਅਬਦੁਲ ਹੱਕ ਉਮਰੀ ਨੂੰ ਮਾਰ ਸੁੱਟਿਆ। ਅਬਦੁਲ ਹਕ ਦੋਹਾ 'ਚ ਅਫ਼ਗਾਨ ਸਰਕਾਰ ਨਾਲ ਗੱਲਬਾਤ 'ਚ ਹਿੱਸਾ ਲੈ ਰਹੇ ਤਾਲਿਬਾਨ ਦੇ ਇਕ ਨੇਤਾ ਦਾ ਪੁੱਤਰ ਹੈ। ਇਸ ਤੋਂ ਇਲਾਵਾ ਤਾਲਿਬਾਨ ਦਾ ਅੱਤਵਾਦੀ ਮੁੱਲਾ ਸ਼ਫੀਕ ਵੀ ਲੜਾਈ 'ਚ ਢੇਰ ਹੋ ਗਿਆ। ਏਧਰ ਅਫ਼ਗਾਨ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਫ਼ਗਾਨ ਸਮੱਸਿਆ ਦਾ ਫ਼ੌਜੀ ਹੱਲ ਨਹੀਂ ਹੋ ਸਕਦਾ। ਅਸੀਂ ਤਾਲਿਬਾਨ ਨਾਲ ਸਿੱਧੀ ਗੱਲਬਾਤ ਲਈ ਤਿਆਰ ਹਾਂ।

ਅਫ਼ਗਾਨ ਫ਼ੌਜ ਤੇ ਤਾਲਿਬਾਨ ਵਿਚਕਾਰ ਚੱਲ ਰਹੀ ਜੰਗ 'ਚ ਫ਼ੌਜ ਨੂੰ ਕਾਮਯਾਬੀ ਮਿਲੀ। ਪਕਤੀਆ ਸੂਬੇ 'ਚ ਤਾਲਿਬਾਨ ਦਾ ਡਿਪਟੀ ਕਮਾਂਡਰ ਅਬਦੁਲ ਹੱਕ ਉਮਰੀ ਮਾਰਿਆ ਗਿਆ। ਦੋਹਾ 'ਚ ਚੱਲ ਰਹੀ ਵਾਰਤਾ 'ਚ ਹਿੱਸਾ ਲੈ ਰਹੇ ਤਾਲਿਬਾਨ ਦੇ ਸਭ ਤੋਂ ਘੱਟ ਉਮਰ ਦੇ ਨੇਤਾ ਅਨਸ ਹੱਕਾਨੀ ਨੇ ਟਵੀਟ ਕਰ ਕੇ ਪੁਸ਼ਟੀ ਕੀਤੀ ਹੈ ਕਿ ਅਬਦੁਲ ਹੱਕ ਗੱਲਬਾਤ 'ਚ ਸ਼ਾਮਲ ਮੁਹੰਮਦ ਨਬੀ ਉਮਰੀ ਗਵਾਂਤਨਾਮੋ ਜੇਲ੍ਹ 'ਚ ਬੰਦ ਸਨ, ਜਿਸ ਨੂੰ 2015 'ਚ ਛੱਡਿਆ ਗਿਆ ਸੀ। ਇਸ ਦੇ ਨਾਲ ਹੀ ਛੱਡੇ ਗਏ ਚਾਰ ਹੋਰ ਕੈਦੀ ਵੀ ਇਸ ਸਮੇਂ ਅਫ਼ਗਾਨ ਸਰਕਾਰ ਨਾਲ ਦੋਹਾ 'ਚ ਚੱਲ ਰਹੀ ਗੱਲਬਾਤ 'ਚ ਸ਼ਾਮਲ ਹਨ।

ਏਐੱਨਆਈ ਮੁਤਾਬਕ ਜੌਜਾਨ ਸੂਬੇ 'ਚ ਚੱਲ ਰਹੀ ਜੰਗ ਦੌਰਾਨ ਤਾਲਿਬਾਨ ਦੇ ਸਿਖਰਲੇ ਅੱਤਵਾਦੀ ਮੁੱਲਾ ਸ਼ਫੀਕ ਨੂੰ ਵੀ ਮਾਰ ਦਿੱਤਾ ਗਿਆ ਹੈ। ਇੱਥੇ ਸੂਬਾਈ ਗਵਰਨਰ ਦੇ ਬੁਲਾਰੇ ਮੁਹੰਮਦ ਰੇਜਾ ਗਫੂਰੀ ਨੇ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਬਰਗਾਨ-ਮਜਾਰ ਹਾਈਵੇ 'ਤੇ ਸਕਿਓਰਿਟੀ ਚੈੱਕਪੋਸਟ 'ਤੇ ਸ਼ੰਘਰਸ਼ 'ਚ ਮੁੱਲਾ ਸ਼ਫੀਕ ਮਾਰਿਆ ਗਿਆ ਹੈ। ਤਾਲਿਬਾਨ ਨੇ ਉਸ ਦੇ ਮਾਰੇ ਜਾਣ ਦੀ ਕੋਈ ਟਿੱਪਣੀ ਨਹੀਂ ਕੀਤੀ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਫ਼ੌਜੀ ਤਰੀਕੇ ਨਾਲ ਅਫ਼ਗਾਨ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਸਾਡੀ ਸਰਕਾਰ ਤਾਲਿਬਾਨ ਨਾਲ ਸ਼ਾਂਤੀ ਤੇ ਜੰਗ ਦੇ ਮਸਲੇ 'ਤੇ ਸਿੱਧੀ ਵਾਰਤਾ ਲਈ ਤਿਆਰ ਹੈ। ਅਸੀਂ ਪੰਜ ਹਜ਼ਾਰ ਤਾਲਿਬਾਨ ਨੂੰ ਛੱਡ ਕੇ ਸ਼ਾਂਤੀ ਦਾ ਸੰਦੇਸ਼ ਪਹਿਲਾਂ ਹੀ ਦੇ ਦਿੱਤਾ ਹੈ।

ਤਾਲਿਬਾਨ ਦਾ ਦਲ ਮਿਲਿਆ ਚੀਨ ਦੇ ਵਿਦੇਸ਼ ਮੰਤਰੀ ਨੂੰ

ਰਾਇਟਰ ਮੁਤਾਬਕ ਤਾਲਿਬਾਨ ਦੇ ਨੌਂ ਮੈਂਬਰੀ ਵਫ਼ਦ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਹੈ। ਤਾਲਿਬਾਨ ਨੇ ਚੀਨ ਨੂੰ ਇਕ ਵਾਰ ਫਿਰ ਭਰੋਸਾ ਦਿੱਤਾ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਚੀਨ ਖ਼ਿਲਾਫ਼ ਇਸਤੇਮਾਲ ਨਹੀਂ ਕੀਤੀ ਜਾਵੇਗੀ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਤਾਲਿਬਾਨ ਅਫ਼ਗਾਨਿਸਾਤਨ 'ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਸੀਰੀਆ-ਲੀਬੀਆ ਤੋਂ ਪਹੁੰਚ ਰਹੇ ਹਨ ਆਈਐੱਸ ਅੱਤਵਾਦੀ

ਰਾਇਟਰ ਮੁਤਾਬਕ ਰੂਸ ਦੇ ਰੱਖਿਆ ਮੰਤਰੀ ਸਰਗੇਈ ਸੋਯਗੁ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀ ਸੀਰੀਆ, ਲੀਬੀਆ ਤੇ ਹੋਰ ਦੇਸ਼ਾਂ ਤੋਂ ਅਫ਼ਗਾਨਿਸਤਾਨ ਪਹੁੰਚ ਰਹੇ ਹਨ। ਏਐੱਨਆਈ ਮੁਤਾਬਕ ਰੂਸ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਅਮਰੀਕਾ ਦਾ ਮਿਸ਼ਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ। ਸਰਗੇਈ ਨੇ ਇਹ ਗੱਲ ਦੁਸ਼ਾਂਬੇ 'ਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਬੈਠਕ 'ਚ ਕਹੀ।

ਅਮਰੀਕਾ ਨੇ ਅਫ਼ਗਾਨ ਸਮੱਸਿਆ ਉਲਝਾਈ : ਇਮਰਾਨ

ਪੀਟੀਆਈ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸੇ ਕਾਰਨ ਅਫ਼ਗਾਨ ਸਮੱਸਿਆ ਪੂਰੀ ਤਰ੍ਹਾਂ ਉਲਝ ਗਈ ਹੈ। ਇਸ ਸਮੱਸਿਆ ਦਾ ਹੱਲ ਸਾਰੀਆਂ ਧਿਰਾਂ ਦੇ ਸਿਆਸੀ ਹੱਲ ਨਾਲ ਹੀ ਹੋ ਸਕੇਗਾ।

ਏਧਰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਜਿੱਤ ਨੂੰ ਪੂਰੀ ਦੁਨੀਆ ਦੇ ਮੁਸਲਮਾਨਾਂ ਦੀ ਜਿੱਤ ਦੱਸਿਆ ਹੈ।

Posted By: Sunil Thapa