ਲਾਹੌਰ (ਪੀਟੀਆਈ) : ਪਾਕਿਸਤਾਨ 'ਚ ਝੂਠੀ ਸ਼ਾਨ ਲਈ ਹੱਤਿਆ ਦਾ ਇਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸੂਬੇ 'ਚ ਆਪਣੀ ਪਸੰਦ ਨਾਲ ਨਿਕਾਹ ਕਰਨ ਜਾ ਰਹੀ ਲੜਕੀ ਦੀ ਵੱਡੀ ਭੈਣ ਨੇ ਹੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।

ਮਾਮਲਾ ਲਾਹੌਰ ਤੋਂ 50 ਕਿਲੋਮੀਟਰ ਦੂਰ ਸਥਿਤ ਖੁਸ਼ਾਲ ਸਿੰਘ ਪਿੰਡ ਦਾ ਹੈ। ਪੁਲਿਸ ਮੁਤਾਬਕ, 20 ਵਰ੍ਹਿਆਂ ਦੀ ਤਾਹਿਰਾ ਬੀਬੀ ਮੰਗਲਵਾਰ ਨੂੰ ਆਪਣੇ ਭਾਈਚਾਰੇ ਦੇ ਇਕ ਨੌਜਵਾਨ ਨਾਲ ਨਿਕਾਹ ਕਰਨ ਜਾ ਰਹੀ ਸੀ। ਵੱਡੀ ਭੈਣ ਆਸੀਆ ਬੀਬੀ ਨੇ ਉਸ ਦਾ ਪਿੱਛਾ ਕੀਤਾ ਅਤੇ ਅਦਾਲਤ ਦੇ ਕਰੀਬ ਉਸ ਨੂੰ ਗੋਲ਼ੀ ਮਾਰ ਦਿੱਤੀ। ਤਾਹਿਰਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੋਲ਼ੀ ਮਾਰਨ ਤੋਂ ਬਾਅਦ ਆਸੀਆ ਫ਼ਰਾਰ ਹੋ ਗਈ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਅਨੋਖਾ ਮਾਮਲਾ ਹੈ ਜਿਸ ਵਿਚ ਇਕ ਭੈਣ ਨੇ ਝੂਠੀ ਸ਼ਾਨ (ਆਨਰ ਕਿਲਿੰਗ) ਲਈ ਛੋਟੀ ਭੈਣ ਦੀ ਜਾਨ ਲੈ ਲਈ ਹੈ।

Posted By: Susheel Khanna