ਨਵੀਂ ਦਿੱਲੀ, ਆਨਲਾਈਨ ਡੈਸਕ : 21 ਮਾਰਚ ਦੀ ਰਾਤ ਨੂੰ ਪਾਕਿਸਤਾਨ ’ਚ ਆਏ ਜ਼ਬਰਦਸਤ ਭੂਚਾਲ ਦੇ ਬਾਵਜੂਦ ਇਕ ਨਿਊਜ਼ ਚੈਨਲ ਦਾ ਐਂਕਰ ਲਾਈਵ ਖਬਰਾਂ ਪੜ੍ਹਦਾ ਰਿਹਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਕਲਿੱਪ ਨੂੰ ਪਾਕਿਸਤਾਨ ਦੇ ਇਕ ਪੱਤਰਕਾਰ ਇਫਤਿਖ਼ਾਰ ਫਿਰਦੌਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝਾ ਕੀਤਾ ਹੈ। ਇਹ ਕਲਿੱਪ ਪੇਸ਼ਾਵਰ ਦੇ ਪਸ਼ਤੋ ਭਾਸਾ ਦੇ ਸਥਾਨਕ ਟੀਵੀ ਚੈਨਲ Mahshriq TV ਦੀ ਹੈ।

ਇਸ ਕਲਿੱਪ ’ਚ ਦੇਖਿਆ ਜਾ ਸਕਦਾ ਹੈ ਕਿ ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ ਪੂਰਾ ਨਿਊਜ਼ ਸਟੂਡੀਓ ਕੰਬ ਰਿਹਾ ਹੈ ਪਰ ਨਿਊਜ਼ ਐਂਕਰ ਇਸ ਦੀ ਪਰਵਾਹ ਕੀਤੇ ਬਿਨਾਂ ਦਰਸ਼ਕਾਂ ਨੂੰ ਲਾਈਵ ਭੂਚਾਲ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ। ਕੈਮਰੇ ਨੇ ਐਂਕਰ ਦੇ ਆਲੇ-ਦੁਆਲੇ ਘੁੰਮਦੀਆਂ ਚੀਜ਼ਾਂ ਨੂੰ ਰਿਕਾਰਡ ਕੀਤਾ ਅਤੇ ਇਸ ਨੂੰ ਲਾਈਵ ਟੀਵੀ ’ਤੇ ਦੇਖਿਆ ਗਿਆ।

ਵੀਡੀਓ ’ਚ ਦੇਖੋ ਐਂਕਰ ਦੀ ਬਹਾਦਰੀ

39 ਸੈਕਿੰਡ ਦੇ ਇਸ ਵੀਡੀਓ ਵਿਚ ਇਕ ਨਿਊਜ਼ ਐਂਕਰ ਖ਼ਬਰ ਪੜ੍ਹ ਰਿਹਾ ਹੈ, ਉਦੋਂ ਹੀ ਜ਼ਬਰਦਸਤ ਝਟਕੇ ਮਹਿਸੂਸ ਹੁੰਦੇ ਹਨ। ਐਂਕਰ ਦੇ ਪਿੱਛੇ ਸਾਰਾ ਨਿਊਜ਼ ਰੂਮ ਜ਼ੋਰਦਾਰ ਝਟਕਿਆਂ ਨਾਲ ਕੰਬ ਰਿਹਾ ਹੈ। ਇਸ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਐਨੇ ਜ਼ੋਰਦਾਰ ਝਟਕਿਆਂ ਦੇ ਬਾਵਜੂਦ ਐਂਕਰ ਬਿਨਾਂ ਕਿਸੇ ਘਬਰਾਹਟ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲਾਈਵ ਖ਼ਬਰਾਂ ਪੜ੍ਹਦਾ ਰਹਿੰਦਾ ਹੈ।

ਉੱਥੇ ਹੀ ਨਿਊਜ਼ ਰੂਮ ’ਚ ਮੌਜੂਦ ਬਾਕੀ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਭੂਚਾਲ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਲੋਕ ਉਸ ਦੀ ਬਹਾਦਰੀ ਦੀ ਤਾਰੀਫ਼ ਕਰ ਰਹੇ ਹਨ।

ਪਾਕਿਸਤਾਨ ’ਚ ਹੁਣ ਤਕ ਕਈ ਮੌਤਾਂ

21 ਮਾਰਚ ਨੂੰ ਉੱਤਰੀ ਭਾਰਤ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇੱਥੇ 6.8 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਹੈ ਜਦੋਂ ਕਿ 100 ਲੋਕ ਹਸਪਤਾਲ ਵਿਚ ਭਰਤੀ ਹਨ। ਦੱਸ ਦੇਈਏ ਕਿ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ’ਚ ਸੀ।

Posted By: Harjinder Sodhi