ਕਰਾਚੀ (ਏਐੱਫਪੀ) : ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਵਿਚ ਸੈਂਕੜੇ ਪਸ਼ੂ ਲਾਕਡਾਊਨ ਦੀ ਭੇਟ ਚੜ੍ਹ ਗਏ। ਪਾਲਤੂ ਪਸ਼ੂਆਂ ਦੇ ਬਾਜ਼ਾਰ ਵਿਚ ਵੱਡੀ ਗਿਣਤੀ ਵਿਚ ਪਿੰਜਰਿਆਂ ਵਿਚ ਬੰਦ ਕਰ ਕੇ ਰੱਖੇ ਗਏ ਕੁੱਤੇ, ਬਿੱਲੀਆਂ ਅਤੇ ਖਰਗੋਸ਼ ਮਰੇ ਹੋਏ ਮਿਲੇ। ਕੁਝ ਜਾਨਵਰ ਪ੍ਰੇਮੀ ਵਰਕਰਾਂ ਦੀ ਸਰਗਰਮੀ ਕਾਰਨ ਹਾਲਾਂਕਿ ਸੈਂਕੜੇ ਜਾਨਵਰਾਂ ਨੂੰ ਬਚਾਅ ਵੀ ਲਿਆ ਗਿਆ।

ਕਰਾਚੀ ਵਿਚ ਐੱਨਜੀਓ ਏਸੀਐੱਫ ਐਨੀਮਲ ਰੈਸਕਿਊ ਦੀ ਸੰਸਥਾਪਕ ਆਇਸ਼ਾ ਨੇ ਕਿਹਾ ਕਿ ਦੋ ਹਫ਼ਤੇ ਤੋਂ ਸ਼ਹਿਰ ਬੰਦ ਹਨ। ਦੁਕਾਨਾਂ ਵਿਚ ਪਿੰਜਰਿਆਂ 'ਚ ਪਾਲਤੂ ਜਾਨਵਰ ਭੁੱਖ ਨਾਲ ਮਰ ਰਹੇ ਹਨ। ਉੱਥੇ ਨਾ ਤਾਂ ਰੌਸ਼ਨੀ ਹੈ ਅਤੇ ਨਾ ਹੀ ਰੌਸ਼ਨਦਾਨ। ਜਦੋਂ ਅਸੀਂ ਦੁਕਾਨਾਂ ਵਿਚ ਦਾਖ਼ਲ ਹੋਏ ਤਾਂ ਕਰੀਬ 70 ਫ਼ੀਸਦੀ ਜਾਨਵਰ ਮਰੇ ਹੋਏ ਮਿਲੇ। ਇਹ ਏਨਾ ਭਿਆਨਕ ਸੀ ਕਿ ਮੈਂ ਦੱਸ ਨਹੀਂ ਸਕਦੀ। ਲਾਹੌਰ ਸ਼ਹਿਰ ਵਿਚ ਵੀ ਵੱਡੀ ਗਿਣਤੀ ਵਿਚ ਜਾਨਵਰਾਂ ਦੇ ਮਰਨ ਦੀ ਖ਼ਬਰ ਹੈ। ਇਸ ਸ਼ਹਿਰ ਦੇ ਪਾਲਤੂ ਜਾਨਵਰ ਬਾਜ਼ਾਰ ਦੇ ਨੇੜੇ ਦੇ ਇਕ ਸੀਵਰੇਜ ਵਿਚ ਕਰੀਬ 20 ਕੁੱਤੇ ਮਰੇ ਹੋਏ ਮਿਲੇ। ਸ਼ਹਿਰ ਦੀ ਪੰਛੀ ਪ੍ਰਰੇਮੀ ਕਿਰਨ ਮਹੀਨ ਨੇ ਕਿਹਾ ਕਿ ਪੁਲਿਸ ਦੀ ਮਦਦ ਨਾਲ ਜਦੋਂ ਦੁਕਾਨਾਂ ਨੂੰ ਖੁੱਲ੍ਹਵਾਇਆ ਗਿਆ ਤਾਂ ਬਹੁਤ ਸਾਰੇ ਜਾਨਵਰ ਮਰੇ ਹੋਏ ਮਿਲੇ। ਕੋਰੋਨਾ ਮਹਾਮਾਰੀ ਕਾਰਨ ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ 'ਚ ਲਾਕਡਾਊਨ ਹੈ। ਇਸ ਕਾਰਨ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਹੈ।

24 ਘੰਟੇ 'ਚ 500 ਤੋਂ ਜ਼ਿਆਦਾ ਨਵੇਂ ਮਾਮਲੇ

ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟੇ ਵਿਚ 500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ 3,884 ਹੋ ਗਿਆ ਹੈ। 54 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ 1,918 ਮਾਮਲੇ ਪੰਜਾਬ ਸੂਬੇ ਵਿਚ ਸਾਹਮਣੇ ਆਏ ਹਨ।