ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਕਦੇ ਈਸ਼ਨਿੰਦਾ ਦੇ ਨਾਂ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਨੂੰਹਾਂ ਧੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਪਿਛਲੇ ਸ਼ਨਿਚਰਵਾਰ ਨੂੰ ਇਕ 22 ਸਾਲਾ ਹਿੰਦੂ ਲੜਕੀ ਆਰਤੀ ਬਾਈ ਨੂੰ ਲਰਕਾਨਾ ਦੇ ਅਲੀ ਗੋਹਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ। ਆਰਤੀ ਦੇ ਪਿਤਾ ਡਾ. ਨਮੋ ਮਲ ਨੇ ਕਿਹਾ ਕਿ ਉਨ੍ਹਾਂ ਦੀ ਧੀ ਰੇਸ਼ਮ ਗਲੀ ਸਥਿਤ ਬਿਊਟੀ ਪਾਰਲਰ 'ਚ ਕੰਮ ਕਰਦੀ ਹੈ। ਤਿੰਨ ਅਪ੍ਰੈਲ ਨੂੰ ਉਹ ਪਾਰਲਰ ਜਾਣ ਲਈ ਘਰੋਂ ਨਿਕਲੀ ਸੀ ਪਰ ਜਦੋਂ ਦੇਰ ਸ਼ਾਮ ਤਕ ਘਰ ਨਹੀਂ ਪਰਤੀ ਤਾਂ ਪਿਤਾ ਨੇ ਉਸ ਦੇ ਅਗਵਾ ਹੋਣ ਦਾ ਸ਼ੱਕ ਪ੍ਰਗਟਾਉਂਦਿਆਂ ਪੁਲਿਸ ਨੂੰ ਉਸ ਨੂੰ ਬਰਾਮਦ ਕਰਨ ਦੀ ਮੰਗ ਕੀਤੀ।

ਦਿ ਰਾਈਜ਼ ਨਿਊਜ਼ ਨੇ ਲੜਕੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ। ਆਰਤੀ ਦਾ ਪਰਿਵਾਰ ਨਾ ਸਿਰਫ਼ ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਬਲਕਿ ਉਸ ਦੇ ਭੇਤ-ਭਰੇ ਤਰੀਕੇ ਨਾਲ ਲਾਪਤਾ ਹੋਣ ਤੋਂ ਹੈਰਾਨ ਹੈ। ਦੇਸ਼ 'ਚ ਸ਼ੋਸ਼ਣ ਤੋਂ ਪਰੇਸ਼ਾਨ ਘੱਟ ਗਿਣਤੀਆਂ ਨੂੰ ਚੁੱਪ ਕਰਵਾਉਣ ਲਈ ਸੱਤਾ ਧਿਰ ਅਗਵਾ ਤੇ ਕੁੱਟਮਾਰ ਵਰਗੇ ਹੱਥਕੰਡੇ ਅਪਣਾਉਂਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਮੌਕਿਆਂ 'ਤੇ ਘੱਟ ਗਿਣਤੀਆਂ ਦੀ ਹਰ ਹਾਲ 'ਚ ਸੁਰੱਖਿਆ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਜ਼ਮੀਨ 'ਤੇ ਉਤਰਦੇ ਦਿਖਾਈ ਨਹੀਂ ਦਿੰਦੀ। ਖ਼ਰਾਬ ਮਨੁੱਖੀ ਅਧਿਕਾਰ ਰਿਕਾਰਡ ਨੂੰ ਲੈ ਕੇ ਕੌਮਾਂਤਰੀ ਫਿਰਕਾ ਕਈ ਵਾਰੀ ਪਾਕਿਸਤਾਨ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਚੁੱਕਾ ਹੈ।