ਨਾਰੋਵਾਲ, ਲਾਹੌਰ : ਬੀਤੀ ਰਾਤ ਚੱਲੀ ਹਨੇਰੀ ਕਾਰਨ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੀ ਨਵੀਂ ਬਣੀ ਇਮਾਰਤ ਦੇ ਦੋ ਗੁੰਬਦ ਟੁੱਟ ਕੇ ਡਿੱਗ ਪਏ। ਦੋਵੋਂ ਫਾਈਬਰ ਦੇ ਬਣਾਏ ਹੋਏ ਸਨ। ਸਿੱਖ ਸੰਗਤ ਨੇ ਫਾਈਬਰ ਦੇ ਗੁੰਬਦ ਬਣਾਉਣ ਕਰ ਕੇ ਇਮਰਾਨ ਖ਼ਾਨ ਸਰਕਾਰ 'ਤੇ ਸਵਾਲ ਉਠਾਏ ਹਨ। ਪਾਕਿਸਤਾਨ 'ਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ 'ਚ ਸੰਗਤ ਇਥੇ ਦਰਸ਼ਨ ਕਰਨ ਲਈ ਪੁੱਜਦੀ ਹੈ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ 'ਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ 'ਚ ਸਥਿਤ ਸਿੱਖਾਂ ਦਾ ਇਸ ਧਾਰਮਿਕ ਸਥਾਨ 'ਚ ਗੈਰ-ਸਿੱਖਾਂ ਤੇ ਮੁਸਲਮਾਨਾਂ ਦੀ ਵੀ ਮਾਨਤਾ ਹੈ। ਪੁਰਾਤਨ ਇਮਾਰਤ ਨੂੰ ਰਾਵੀ ਦਰਿਆ 'ਚ ਆਏ ਹੜ੍ਹ ਦੌਰਾਨ ਨੁਕਸਾਨ ਪੁੱਜਾ ਸੀ। 1920 ਤੋਂ ਲੈ ਕੇ 1929 ਤਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਰੁਪਏ ਦਾ ਖਰਚਾ ਆਇਆ ਸੀ। ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਕਾਰੀਡੋਰ ਨਵੰਬਰ 2019 'ਚ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਮੌਕੇ ਸ਼ੁਰੂ ਕੀਤਾ ਗਿਆ ਸੀ।