ਨਈ ਦੁਨੀਆ, ਇਸਲਾਮਾਬਾਦ : ਪਾਕਿਸਤਾਨੀ ਜੇਲ੍ਹ 'ਚ ਬੰਦ ਅੱਤਵਾਦੀ ਜਿਸ ਨੇ ਮਲਾਲਾ ਯੂਸੁਫ਼ਜ਼ਈ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਉਹ ਜੇਲ੍ਹ ਤੋਂ ਫ਼ਰਾਰ ਹੋ ਗਿਆ ਹੈ। ਪਾਕਿ ਤਾਲਿਬਾਨ ਦਾ ਸਾਬਕਾ ਬੁਲਾਰਾ ਅਹਿਸਾਨਉੱਲਾ ਅਹਿਸਾਨ ਪਾਕਿਸਤਾਨ ਦੀ ਜੇਲ੍ਹ 'ਚ ਹੀ ਬੰਦ ਸੀ ਤੇ ਹੁਣ ਉਸ ਦੇ ਫ਼ਰਾਰ ਹੋਣ ਦੀ ਖ਼ਬਰ ਆਈ ਹੈ। ਇਸ ਦੀ ਪੁਸ਼ਟੀ ਖ਼ੁਦ ਅੱਤਵਾਦੀ ਨੇ ਇਕ ਆਡੀਓ ਟੇਪ ਜਾਰੀ ਕਰ ਕੇ ਦਿੱਤੀ ਹੈ। ਅਹਿਸਾਨਉੱਲਾ ਅਹਿਸਾਨ 2014 'ਚ ਪਿਸ਼ਾਵਰ ਦੇ ਸੈਨਿਕ ਸਕੂਲ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ 'ਚ ਵੀ ਸ਼ਾਮਿਲ ਸੀ। ਮੀਡੀਆ ਰਿਪੋਰਟਸ ਅਨੁਸਾਰ, ਪਾਕਿਸਤਾਨੀ ਫ਼ੌਜ ਨੂੰ ਅਹਿਸਾਨ ਦੇ ਫ਼ਰਾਰ ਹੋਣ ਦੀ ਜਾਣਕਾਰੀ ਮਿਲ ਗਈ ਹੈ ਤੇ ਉਸ ਨੇ ਮੁੜ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਵੀਰਵਾਰ ਨੂੰ ਵਾਇਰਲ ਹੋਈ ਆਡੀਓ ਟੇਪ 'ਚ ਅਹਿਸਾਨ ਕਹਿ ਰਿਹਾ ਹੈ ਕਿ ਉਹ 11 ਜਨਵਰੀ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕੈਦ 'ਚੋਂ ਆਜ਼ਾਦ ਹੋ ਗਿਆ ਹੈ। ਕੈਦ 'ਚੋਂ ਉਹ ਇਸ ਲਈ ਫ਼ਰਾਰ ਹੋਇਆ ਕਿਉਂਕਿ 2017 'ਚ ਆਤਮ ਸਮਰਪਣ ਵੇਲੇ ਪਾਕਿਸਤਾਨ ਸਰਕਾਰ ਨੇ ਉਸ ਨਾਲ ਕੀਤੇ ਵਾਅਦੇ ਨਹੀਂ ਪੁਗਾਏ। ਆਡੀਓ 'ਚ ਅਹਿਸਾਨ ਕਹਿ ਰਿਹਾ ਹੈ- ਅਲ੍ਹਾ ਦੀ ਮਿਹਰਬਾਨੀ ਨਾਲ ਉਹ ਸੁਰੱਖਿਆ ਬਲਾਂ ਦੀ ਕੈਦ 'ਚੋਂ ਆਜ਼ਾਦ ਹੋਣ 'ਚ ਸਫ਼ਲ ਰਿਹਾ। ਇਸ ਆਡੀਓ ਟੇਪ ਦੀ ਭਰੋਸੇਯੋਗਤਾ ਦਾ ਫ਼ਿਲਹਾਲ ਪਤਾ ਨਹੀਂ ਚੱਲਿਆ ਹੈ। ਜੇਕਰ ਅਹਿਸਾਨ ਅਸਲ ਵਿਚ ਫ਼ਰਾਰ ਹੋ ਗਿਆ ਹੈ ਤਾਂ ਇਹ ਪਾਕਿਸਤਾਨ ਦੇ ਸੁਰੱਖਿਆ ਇੰਤਜ਼ਾਮਾਤ 'ਤੇ ਕਰਾਰਾ ਥੱਪੜ ਹੈ।

ਅਹਿਸਾਨ ਨੇ ਜਲਦ ਹੀ ਵਿਸਤਾਰਤ ਬਿਆਨ ਜਾਰੀ ਕਰਨ ਦਾ ੈਲਾਨ ਕੀਤਾ ਹੈ ਜਿਸ ਵਿਚ ਉਹ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸੇਗਾ। ਮਲਾਲਾ ਨੂੰ 2012 'ਚ ਗੋਲ਼ੀ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਸਵਾਦ ਘਾਟੀ 'ਚ ਆਪਣੇ ਘਰ ਦੇ ਆਸਪਾਸ ਦੀਆਂ ਔਰਤਾਂ ਨੂੰ ਪੜ੍ਹਾਉਣ ਕਾਰਨ ਉਸ ਨੂੰ ਗੋਲ਼ੀ ਮਾਰੀ ਗਈ ਸੀ। ਬਾਅਦ 'ਚ ਬ੍ਰਿਟੇਨ 'ਚ ਉਸ ਦਾ ਇਲਾਜ ਹੋਇਆ ਤੇ ਉੱਥੇ ਹੀ ਉਸ ਦੀ ਪੜ੍ਹਾਈ ਹੋਈ। ਮਲਾਲਾ ਨੂੰ ਸਭ ਤੋਂ ਘੱਟ ਉਮਰ 'ਚ ਦੁਨੀਆ ਦਾ ਨੋਬਲ ਪੁਰਸਕਾਰ ਮਿਲਿਆ ਹੈ, ਜਦਕਿ ਪਿਸ਼ਾਵਰ ਸੈਨਿਕ ਸਕੂਲ 'ਚ 132 ਵਿਦਿਆਰਥੀਆਂ ਸਮੇਤ 149 ਲੋਕ ਮਾਰੇ ਗਏ ਸਨ।

Posted By: Seema Anand