ਪਿਸ਼ਾਵਰ (ਏਪੀ) : ਪਾਕਿਸਤਾਨ 'ਚ ਅਰਾਜਕਤਾ ਦੀ ਸਥਿਤੀ ਚਰਮ 'ਤੇ ਅਤੇ ਮਨੁੱਖੀ ਅਧਿਕਾਰਾਂ ਦੇ ਹਾਲਾਤ ਗੰਭੀਰ ਹਨ। ਤਾਜ਼ਾ ਘਟਨਾ ਉੱਤਰੀ ਵਜ਼ੀਰੀਸਤਾਨ ਦੇ ਮੀਰ ਅਲੀ ਦੀ ਹੈ, ਜਿਥੇ ਅੌਰਤਾਂ ਦੀ ਭਲਾਈ ਲਈ ਐੱਨਜੀਓ ਚਲਾਉਣ ਵਾਲੀਆਂ ਚਾਰ ਅੌਰਤਾਂ ਦੀ ਅੱਤਵਾਦੀਆਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।


ਇਹ ਮਹਿਲਾ ਕਾਰਕੁੰਨ ਸਬਾਵੂਨ ਪਾਕਿਸਤਾਨੀ ਚੈਰਿਟੀ ਨਾਂ ਦੀ ਸੰਸਥਾ ਚਲਾਉਂਦੀਆਂ ਸਨ, ਜੋ ਅੌਰਤਾਂ ਦੇ ਅਧਿਕਾਰਾਂ ਲਈ ਲੜਨ ਦੇ ਨਾਲ ਹੀ ਉਨ੍ਹਾਂ ਕੁਟੀਰ ਉਦਯੋਗ ਰਾਹੀਂ ਪੈਰਾਂ 'ਤੇ ਖੜ੍ਹਾ ਕਰਨ ਦਾ ਕੰਮ ਕਰਦੀਆਂ ਸਨ। ਚਾਰੇ ਅੌਰਤਾਂ ਸੰਸਥਾ ਦੇ ਕੰਮ ਲਈ ਹੀ ਬੰਨੂ ਤੇ ਮੀਰ ਅਲੀ ਜਾ ਰਹੀਆਂ ਸਨ।


ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਇੰਟਰਨੈੱਟ ਮੀਡੀਆ 'ਤੇ ਭੂਚਾਲ ਆ ਗਿਆ ਹੈ ਤੇ ਜਨਤਾ ਅੱਤਵਾਦੀਆਂ ਨੂੰ ਫੜਨ ਦੀ ਮੰਗ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਅੱਤਵਾਦੀਆਂ ਨੂੰ ਪਹਿਲਾਂ ਹੀ ਇਨ੍ਹਾਂ ਮਹਿਲਾ ਕਾਰਕੁੰਨਾਂ ਦੇ ਆਉਣ ਦੀ ਜਾਣਕਾਰੀ ਸੀ ਤੇ ਉਹ ਹਮਲੇ ਲਈ ਘਾਤ ਲਾ ਕੇ ਬੈਠੇ ਹੋਏ ਸਨ। ਹੱਤਿਆ ਤੋਂ ਬਾਅਦ ਮੀਰ ਅਲੀ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।


ਵਜ਼ੀਰੀਸਤਾਨ 'ਚ ਅੱਤਵਾਦੀ ਘਟਨਾਵਾਂ ਵਿਚ ਪਿਛਲੇ ਕੁਝ ਸਮੇਂ ਤੋਂ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਇਥੇ ਤਾਲਿਬਾਨੀ ਅੱਤਵਾਦੀ ਮਜ਼ਬੂਤ ਹੋ ਰਹੇ ਹਨ। 2015 'ਚ ਦੱਖਣੀ ਤੇ ਉੱਤਰੀ ਵਜ਼ੀਰੀਸਤਾਨ ਵਿਦੇਸ਼ੀ ਅੱਤਵਾਦੀਆਂ ਦੇ ਮੁੱਖ ਅੱਡੇ ਬਣੇ ਹੋਏ ਹਨ। ਪਾਕਿਸਤਾਨੀ ਤਾਲਿਬਾਨ ਨੂੰ ਤਹਿਰੀਕ-ਏ-ਤਾਲਿਬਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅਫ਼ਗਾਨਿਸਤਾਨ ਦੇ ਤਾਲਿਬਾਨ ਤੋਂ ਵੱਖਰਾ ਗਰੁੱਪ ਹੈ ਪਰ ਬਾਰਡਰ 'ਤੇ ਇਨ੍ਹਾਂ ਦਾ ਆਪਸ 'ਚ ਸੰਪਰਕ ਰਹਿੰਦਾ ਹੈ।

Posted By: Ravneet Kaur