ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਤੋਂ ਬਾਅਦ ਹੁਣ ਕਾਰੋਬਾਰੀਆਂ ਨੇ ਵੀ ਇਮਰਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਰਕਾਰ ਦੀਆਂ ਨੁਕਸਾਨਦਾਇਕ ਆਰਥਿਕ ਨੀਤੀਆਂ ਖ਼ਿਲਾਫ਼ ਕਾਰੋਬਾਰੀਆਂ ਦੇ ਸੰਗਠਨ ਨੇ ਦੋ ਦਿਨ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੈ। ਇਹ ਹੜਤਾਲ 29 ਤੇ 30 ਅਕਤੂਬਰ ਨੂੰ ਹੋਵੇਗੀ।

'ਐਕਸਪ੍ਰੈੱਸ ਟਿ੍ਬਿਊਨ' ਅਖ਼ਬਾਰ ਮੁਤਾਬਕ, ਕਾਰੋਬਾਰੀਆਂ ਦੇ ਸੰਗਠਨ ਆਲ ਪਾਕਿਸਤਾਨ ਅੰਜੁਮਨ-ਏ-ਤਾਜਰਨ ਦੇ ਕੇਂਦਰੀ ਜਨਰਲ ਸਕੱਤਰ ਨਈਮ ਮੀਰ ਨੇ ਐਤਵਾਰ ਨੂੰ ਕਿਹਾ, 'ਸਾਡਾ ਏਜੰਡਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਹਟਾਉਣਾ ਨਹੀਂ ਹੈ। ਅਸੀਂ ਸਿਰਫ਼ ਨੀਤੀਆਂ 'ਚ ਸੁਧਾਰ ਕਰਵਾਉਣਾ ਚਾਹੁੰਦੇ ਹਾਂ। ਕਾਰੋਬਾਰੀ ਸਰਕਾਰ ਦੀਆਂ ਨੀਤੀਆਂ ਤੇ ਭਾਰੀ ਟੈਕਸ ਤੋਂ ਮਾਯੂਸ ਹਨ।' ਉਹ ਮੀਰਪੁਰਖਾਸ 'ਚ ਕਾਰੋਬਾਰੀਆਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਰੋਬਾਰੀਆਂ ਨੂੰ ਰਿਆਇਤਾਂ ਦੇਵੇ ਤਾਂ ਉਹ ਸਾਰੇ ਬਕਾਇਆ ਟੈਕਸਾਂ ਦਾ ਭੁਗਤਾਨ ਕਰਨ ਦੇ ਚਾਹਵਾਨ ਹਨ। ਮੀਰ ਨੇ ਕਿਹਾ ਕਿ ਪਰ ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਕਾਰੋਬਾਰੀਆਂ ਦੇ ਮੁਤਾਬਕ ਨੀਤੀਆਂ ਲਾਗੂ ਨਹੀਂ ਕਰ ਰਹੀ ਹੈ। ਇਸ ਦੀਆਂ ਨੀਤੀਆਂ ਨਾਲ ਕਾਰੋਬਾਰ ਤੇ ਅਰਥਚਾਰੇ ਨੂੰ ਸਿੱਧਾ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਜੇਕਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅਸੀਂ ਦੇਸ਼ ਪੱਧਰੀ ਹੜਤਾਲ ਵਾਪਸ ਲੈ ਸਕਦੇ ਹਾਂ।