ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਇਮਰਾਨ ਖ਼ਾਨ ਖ਼ਿਲਾਫ਼ ਚੱਲ ਰਹੇ ਇਕ ਕੇਸ ਦੇ ਮਾਮਲੇ ਵਿਚ ਜੱਜਾਂ ਵਿਚਕਾਰ ਹੀ ਘਮਸਾਨ ਸ਼ੁਰੂ ਹੋ ਗਿਆ ਹੈ। ਇਮਰਾਨ ਖ਼ਾਨ ਖ਼ਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਰੋਕੇ ਜਾਣ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਦੇ ਆਦੇਸ਼ ਪਿੱਛੋਂ ਹੁਣ ਸੁਣਵਾਈ ਕਰਨ ਵਾਲੇ ਜੱਜ ਕਾਜੀ ਫ਼ੈਜ਼ ਇਸ਼ਾ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਜੱਜ ਹੁਣ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਜੱਜਾਂ ਨੂੰ ਇਮਰਾਨ ਖ਼ਿਲਾਫ਼ ਸੁਣਵਾਈ ਨੂੰ ਰੋਕਣ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਕਮਜ਼ੋਰ ਹੋਵੇਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ 11 ਫਰਵਰੀ ਨੂੰ ਸੀਨੀਅਰ ਜੱਜ ਕਾਜ਼ੀ ਫ਼ੈਜ਼ ਇਸ਼ਾ ਨੂੰ ਇਮਰਾਨ ਖ਼ਾਨ ਨਾਲ ਸਬੰਧਤ ਇਕ ਕੇਸ ਦੀ ਸੁਣਵਾਈ ਕਰਨ ਤੋਂ ਰੋਕ ਦਿੱਤਾ ਸੀ। ਇਹ ਮੁਕੱਦਮਾ ਐੱਮਪੀਜ਼ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਰੋਕੇ ਜਾਣ ਦੇ ਸਬੰਧ ਵਿਚ ਹੈ। ਵਿਰੋਧੀ ਨੇਤਾਵਾਂ ਨੇ ਇਮਰਾਨ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਖ਼ਿਲਾਫ਼ ਵੀ ਹਮਲਾਵਰ ਰਵੱਈਆ ਅਖਤਿਆਰ ਕਰ ਲਿਆ ਹੈ।

ਹੁਣ ਜਸਟਿਸ ਕਾਜ਼ੀ ਫ਼ੌਜ਼ ਇਸ਼ਾ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਚੀਫ ਜਸਟਿਸ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਲਿਖਤੀ ਆਦੇਸ਼ ਜਾਰੀ ਕਰਨ ਤੋਂ ਪਹਿਲੇ ਆਪਣੇ ਸਹਿਯੋਗੀ ਜੱਜਾਂ ਤਕ ਨਾਲ ਸਲਾਹ ਨਹੀਂ ਕੀਤੀ। ਇੱਥੋਂ ਤਕ ਕਿ ਸੁਣਵਾਈ ਕਰਨ ਵਾਲੀ ਦੋ ਮੈਂਬਰੀ ਬੈਂਚ ਨੂੰ ਵੀ ਇਸ ਆਦੇਸ਼ ਦੇ ਜਾਰੀ ਕਰਨ ਤੋਂ ਪਹਿਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਆਦੇਸ਼ ਦੀ ਕਾਪੀ ਜੂਨੀਅਰ ਜੱਜਾਂ ਨੂੰ ਵੀ ਭੇਜ ਦਿੱਤੀ ਗਈ ਪ੍ਰੰਤੂ ਸੀਨੀਅਰ ਜੱਜਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਇਸ ਆਦੇਸ਼ 'ਤੇ ਨਾ ਤਾਂ ਦਸਤਖ਼ਤ ਕੀਤੇ ਗਏ ਅਤੇ ਨਾ ਹੀ ਇਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਨੇ ਕਿਹਾ ਕਿ ਹੁਣ ਨਿਆਪਾਲਿਕਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।