ਇਸਲਾਮਾਬਾਦ (ਏਜੰਸੀਆਂ) : ਕੋਰੋਨਾ ਮਹਾਮਾਰੀ ਦਾ ਕਹਿਰ ਝੱਲ ਰਹੇ ਪਾਕਿਸਤਾਨ ਦੇ 30 ਸ਼ਹਿਰਾਂ 'ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਨੂੰ ਸਮਾਰਟ ਲਾਕਡਾਊਨ ਕਿਹਾ ਹੈ। ਇਸ 'ਚ ਸ਼ਰਤਾਂ ਨਾਲ ਢੇਰ ਸਾਰੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ 'ਚ ਕੋਰੋਨਾ ਸੰਕਟ ਬਾਰੇ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਸਮਾਰਟ ਲਾਕਡਾਊਨ 'ਤੇ ਜ਼ੋਰ ਦਿੰਦਿਆਂ ਇਮਰਾਨ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਆਰਥਿਕ ਪਹਿਲੂਆਂ ਨੂੰ ਦੇਖਦਿਆਂ ਪੂਰਨ ਲਾਕਡਾਊਨ ਤੋਂ ਬਚਣਾ ਜ਼ਰੂਰੀ ਹੈ।

ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਦੇਸ਼ 'ਚ ਕੋਰੋਨਾ ਇਨਫੈਕਟਿਡ ਦੀ ਗਿਣਤੀ ਦੋ ਲੱਖ 40 ਹਜ਼ਾਰ ਦੇ ਪਾਰ ਹੋ ਚੁੱਕੀ ਹੈ। ਬਿਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਪੰਜ ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਬੀਤੇ 24 ਘੰਟਿਆਂ 'ਚ ਇਨਫੈਕਸ਼ਨ ਦੇ 3359 ਨਵੇਂ ਮਾਮਲੇ ਦਰਜ ਕੀਤੇ ਗਏ ਤੇ 61 ਮਰੀਜ਼ਾਂ ਨੇ ਦਮ ਤੋੜ ਦਿੱਤਾ। 2193 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਾਜਧਾਨੀ ਇਸਲਾਮਾਬਾਦ 'ਚ 250 ਬੈੱਡ ਦਾ ਇਕ ਵਿਸ਼ੇਸ਼ ਹਸਪਤਾਲ ਬਣਾਇਆ ਗਿਆ ਹੈ। ਇਸਲਾਮਾਬਾਦ ਆਈਸੋਲੇਸ਼ਨ ਹਸਪਤਾਲ ਤੇ ਇਨਫੈਕਸ਼ੀਅਸ ਟ੍ਰੀਟਮੈਂਟ ਸੈਂਟਰ (ਆਈਐੱਚਆਈਟੀਸੀ) ਨਾਂ ਦੇ ਇਸ ਹਸਪਤਾਲ ਨੂੰ 40 ਦਿਨਾਂ ਦੇ ਅੰਦਰ ਤਿਆਰ ਕੀਤਾ ਗਿਆ ਹੈ।

ਸਤੰਬਰ ਤੋਂ ਸਕੂਲ ਖੋਲ੍ਹਣ ਉੱਠੀ ਮੰਗ

ਪਾਕਿਸਤਾਨ ਦੀਆਂ ਸੂਬਾਈ ਸਰਕਾਰਾਂ ਨੇ ਸਤੰਬਰ ਤੋਂ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਸੂਬਾਈ ਸਿੱਖਿਆ ਮੰਤਰੀਆਂ ਦੀ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ 'ਚ ਇਹ ਮੰਗ ਰੱਖੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ (ਐੱਨਸੀਸੀ) ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਕੂਲ ਫਿਰ ਤੋਂ ਖੋਲ੍ਹ ਦਿੱਤੇ ਜਾਣਗੇ। ਸੂਬਿਆਂ ਨੇ ਕੇਂਦਰ ਨੂੰ ਪ੍ਰੋਫੈਸ਼ਨਲ ਪ੍ਰੀਖਿਆਵਾਂ ਕਰਵਾਉਣ ਦੀ ਵੀ ਮੰਗ ਕੀਤੀ।