ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਬੜੇ ਕ੍ਰਮਵਾਰ ਤਰੀਕੇ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤਸੀਹੇ ਦੇਣ ਦੀਆਂ ਘਟਨਾਵਾਂ ਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸੇ ਤਹਿਤ ਕਰਤਾਰਪੁਰ ਕਾਰੀਡੋਰ 'ਚ ਭਿ੍ਸ਼ਟਾਚਾਰ ਜਾਰੀ ਹੈ। ਗੁਲਾਬ ਦੇਵੀ ਅੰਡਰਪਾਸ ਦਾ ਨਾਂ ਬਦਲ ਕੇ ਅਬਦੁਲ ਸੱਤਾਰ ਈਧੀ ਕਰ ਦਿੱਤਾ ਗਿਆ ਹੈ, ਜਦੋਂਕਿ ਇਮਰਾਨ ਖ਼ਾਨ ਦੇ ਸੂਬੇ ਖੈਬਰ ਪਖਤੂਨਖਵਾ 'ਚ ਸਰਕਾਰੀ ਦਫ਼ਤਰਾਂ 'ਚ ਸਿੱਖਾਂ ਦੇ ਤਲਵਾਰ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਅਲ ਅਰਬੀਆ ਪੋਸਟ ਮੁਤਾਬਕ ਕਰਤਾਰਪੁਰ ਕਾਰੀਡੋਰ ਦੇ ਆਡਿਟ 'ਚ ਘਪਲੇਬਾਜ਼ੀ ਹੋ ਰਹੀ ਹੈ। ਨਾਰੋਵਾਲ ਦੇ ਕਮਿਸ਼ਨਰ ਨਬੀਲਾ ਇਰਫਾਨ ਨੇ ਡੀਜੀਪੀ ਮੇਜਰ ਜਨਰਲ ਕਮਾਲ ਅਜ਼ਹਰ ਨੂੰ ਪਿਛਲੇ ਸਾਲ ਦਸੰਬਰ 'ਚ ਲਿਖੇ ਇਕ ਪੱਤਰ 'ਚ ਕਿਹਾ ਕਿ ਫਰੰਟੀਅਰ ਵਰਕਰਜ਼ ਆਰਗੇਨਾਈਜੇਸ਼ਨ (ਐੱਫਡਬਲਯੂਓ) ਦਾ ਦੋਸ਼ ਹੈ ਕਿ ਕਰਤਾਰਪੁਰ ਕਾਰੀਡੋਰ ਦੇ ਫੰਡ 'ਚ ਧਾਂਦਲੀ ਕੀਤੀ ਗਈ ਹੈ। ਨਾਲ ਹੀ ਪਾਕਿਸਤਾਨ ਦੇ ਲੇਖਾਕਾਰ ਵਿਭਾਗ (ਪੀਏਸੀ) ਦੇ ਲੇਖਾਕਾਰ ਨੂੰ ਖਾਤੇ ਦੇ ਦਸਤਾਵੇਜ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਨਬੀਲ ਨੇ ਇਹ ਵੀ ਦੋਸ਼ ਲਾਇਆ ਹੈ ਕਿ ਨਾਰੋਵਾਲ ਦੇ ਏਡੀਸੀ ਡਾ. ਸ਼ੋਇਬ ਸਲੀਮ ਦੀ ਰਿਪੋਰਟ 'ਚ ਵੀ ਬੇਨਿਯਮੀਆਂ ਵਰਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਲਗਪਗ 165 ਕਰੋੜ ਦੇ ਪਾਕਿਸਤਾਨੀ ਰੁਪਏ ਦਾ ਗਬਨ ਕੀਤਾ ਗਿਆ ਹੈ।

ਮੁਰੰਮਤ 'ਚ ਸੱਤ ਲੱਖ ਦੀਆਂ ਸੀਮੈਂਟ ਦੀਆਂ ਬੋਰੀਆਂ ਦਾ ਬਿੱਲ ਦਿਖਾਇਆ ਗਿਆ ਹੈ ਜਦੋਂਕਿ ਵਰਤੋ ਸਿਰਫ 4.29 ਲੱਖ ਬੋਰੀਆਂ ਦੀ ਹੋਈ ਹੈ। ਇਮਾਰਤ ਦੀ ਨੀਂਹ ਜੋ 18 ਫੁੱਟ ਰੱਖੀ ਜਾਣੀ ਸੀ ਸਿਰਫ 11.5 ਫੁੱਟ ਰੱਖੀ ਗਈ ਹੈ। ਚੌਧਰੀ ਮੁਤਾਬਕ ਇੱਥੇ ਲਿਆਂਦੀਆਂ ਗਈਆਂ ਇੱਟਾਂ ਵੀ ਘਟੀਆ ਕੁਆਲਿਟੀ ਦੀਆਂ ਹਨ, ਜਦੋਂ ਕਿ ਬਿੱਲ 'ਚ ਚੰਗੀ ਕੁਆਲਿਟੀ ਦੀਆਂ ਇੱਟਾਂ ਦਾ ਜ਼ਿਕਰ ਹੈ।

ਪਾਕਿਸਤਾਨ 'ਚ ਸਿੱਖਾਂ ਦੇ ਸ਼ੋਸ਼ਣ ਦੀ ਇਕ ਹੋਰ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਲਾਲਾ ਲਾਜਪਤ ਰਾਏ ਦੀ ਮਾਂ ਗੁਲਾਬ ਦੇਵੀ ਅੰਡਰਪਾਸ ਦਾ ਨਾਂ ਬਦਲ ਕੇ ਪੰਜਾਬ ਸਰਾਕਰ ਨੇ 21 ਦਸੰਬਰ ਨੂੰ ਅਬਦੁਲ ਸੱਤਾਰ ਈਧੀ ਕਰ ਦਿੱਤਾ ਹੈ।

ਦੂਜੇ ਪਾਸੇ, ਪਿਸ਼ਾਵਰ ਹਾਈ ਕੋਰਟ ਨੇ ਬੀਤੀ 23 ਦਸੰਬਰ ਨੂੰ ਸਿੱਖਾਂ ਨੂੰ ਸਰਕਾਰੀ ਦਫ਼ਤਰਾਂ 'ਚ ਤਲਵਾਰ ਲਿਜਾਣ ਲਈ ਲਾਇਸੈਂਸ ਬਣਵਾਉਣ ਦਾ ਨਿਰਦੇਸ਼ ਦਿੱਤਾ ਹੈ। ਤਲਵਾਰ ਤੇ ਕਿਰਪਾਨ ਨੂੰ ਲਾਇਸੈਂਸੀ ਹਥਿਆਰ ਐਲਾਨ ਦਿੱਤਾ ਗਿਆ ਹੈ। ਸਿੱਖ ਧਰਮ ਤਹਿਤ ਪੰਜ ਕਰਾਰ ਹੁੰਦੇ ਹਨ ਜਿਨ੍ਹਾਂ 'ਚ ਕੇਸ, ਕੰਘਾ, ਕੜਾ, ਕੱਛਾ ਤੇ ਕਿਰਪਾਨ ਸਿੱਖਾਂ ਲਈ ਹਮੇਸ਼ਾ ਰੱਖਣਾ ਲਾਜ਼ਮੀ ਹੁੰਦਾ ਹੈ।