ਲਾਹੌਰ (ਏਐੱਨਆਈ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸੂਚਨਾ ਤੇ ਪ੍ਰਸਾਰਨ ਮਾਮਲਿਆਂ ਦੀ ਵਿਸ਼ੇਸ਼ ਸਲਾਹਕਾਰ ਡਾ. ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦਾ ਮਸਲਾ ਧਾਰਮਿਕ ਹੈ, ਉਸ ਵਿਚ ਸ਼ਾਮਲ ਹੋਣ ਲਈ ਜੋ ਵੀ ਆਵੇਗਾ ਉਸ ਦਾ ਸਵਾਗਤ ਕੀਤਾ ਜਾਵੇਗਾ।

ਡਾ. ਅਵਾਨ ਨੇ ਇਹ ਗੱਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਰਤਾਰਪੁਰ ਦੌਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਹੀ। ਚਰਚਾ ਹੈ ਕਿ ਡਾ. ਮਨਮੋਹਨ ਸਿੰਘ ਤਣਾਅ ਦੇ ਹਾਲਤ ਵਿਚ ਪਾਕਿਸਤਾਨ ਆਉਣ ਦੇ ਇੱਛੁਕ ਨਹੀਂ ਹਨ। ਡਾ. ਅਵਾਨ ਨੇ ਕਿਹਾ ਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਕਰਤਾਰਪੁਰ 'ਚ ਜੋ ਆਵੇਗਾ ਉਸ ਸਾਡਾ ਮਹਿਮਾਨ ਹੋਵੇਗਾ। ਇਹ ਸਿਆਸੀ ਨਹੀਂ ਧਾਰਮਿਕ ਸਮਾਗਮ ਹੈ। ਇਸ ਲਈ ਸਾਰੇ ਆਉਣ ਵਾਲਿਆਂ ਨੂੰ ਸਹੂਲਤਾਂ ਦੇਣਾ ਸਾਡੀ ਜ਼ਿੰਮੇਵਾਰੀ ਹੋਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪ੍ਰਰੋਗਰਾਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਦੇ ਇੱਛੁਕ ਨਹੀਂ ਹਨ। ਕਰਤਾਰਪੁਰ ਲਾਂਘੇ ਦਾ ਉਦਘਾਟਨੀ ਸਮਾਗਮ ਨੌਂ ਨਵੰਬਰ ਨੂੰ ਹੋਵੇਗਾ। ਇਸ ਜ਼ਰੀਏ ਭਾਰਤੀ ਸਿੱਖ ਤੀਰਥ ਯਾਤਰੀ ਕਰਤਾਰਪੁਰ ਸਥਿਤ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ।

ਕੈਨੇਡਾ ਤੋਂ ਬੱਸ ਰਾਹੀਂ ਆ ਰਹੇ ਨੇ ਸ਼ਰਧਾਲੂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 12 ਨਵੰਬਰ ਨੂੰ ਕਰਤਾਰਪੁਰ ਸਾਹਿਬ 'ਚ ਕਰਵਾਏ ਜਾ ਰਹੇ ਸਮਾਗਮ ਵਿਚ ਹਿੱਸਾ ਲੈਣ ਲਈ ਕੈਨੇਡਾ ਤੋਂ ਸਿੱਖ ਤੀਰਥ ਯਾਤਰੀਆਂ ਦਾ ਜੱਥਾ ਬੱਸ ਰਾਹੀਂ ਕਰਤਾਰਪੁਰ ਆ ਰਿਹਾ ਹੈ। ਦਸ ਲੋਕਾਂ ਦਾ ਇਹ ਜੱਥਾ ਪੈਰਿਸ ਪੁੱਜ ਗਿਆ ਹੈ। ਬੱਸ 'ਤੇ ਅੰਗਰੇਜ਼ੀ ਵਿਚ 'ਜਰਨੀ ਟੂ ਕਰਤਾਰਪੁਰ' ਲਿਖਿਆ ਹੋਇਆ ਹੈ। ਇਹ ਬੱਸ ਪਾਣੀ ਵਾਲੇ ਜਹਾਜ਼ ਰਾਹੀਂ ਅਟਲਾਂਟਿਕ ਸਾਗਰ ਪਾਰ ਕਰੇਗੀ ਤੇ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਪੁੱਜ ਜਾਵੇਗੀ।