ਲਾਹੌਰ (ਏਜੰਸੀਆਂ) : ਅਭਿਨੇਤਾ ਅਤੇ ਸਾਬਕਾ ਐੱਮਪੀ ਸ਼ਤਰੂਘਨ ਸਿਨਹਾ ਦੇ ਲਾਹੌਰ ਵਿਚ ਹੋਏ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਦੀ ਗੱਲ ਪਤਾ ਚੱਲੀ ਹੈ। ਸਮਾਗਮ ਨਾਲ ਸਬੰਧਤ ਇਕ ਵੀਡੀਓ ਵਾਇਰਲ ਹੋਣ ਪਿੱਛੋਂ ਸ਼ਾਟਗਨ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਕੋਈ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸ ਰਿਹਾ ਹੈ ਤੇ ਕੋਈ ਗੰਦੀ ਰਾਜਨੀਤੀ ਕਰਨ ਵਾਲਾ ਕਹਿ ਰਿਹਾ ਹੈ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਪਿੱਛੋਂ ਭਾਰਤ ਦੇ ਕਲਾਕਾਰਾਂ ਨੇ ਪਾਕਿਸਤਾਨ ਜਾ ਕੇ ਪਰਫਾਰਮ ਕਰਨ ਤੋਂ ਦੂਰੀ ਬਣਾ ਲਈ ਸੀ। ਕੁਝ ਦਿਨ ਪਹਿਲੇ ਮੀਕਾ ਦਾ ਪਾਕਿਸਤਾਨ ਵਿਚ ਪਰਫਾਰਮ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਪਿੱਛੋਂ ਉਨ੍ਹਾਂ ਨੇ ਮਾਫ਼ੀ ਮੰਗੀ ਸੀ।

ਮੀਡੀਆ ਰਿਪੋਰਟ ਮੁਤਾਬਿਕ ਸ਼ਤਰੂਘਨ ਸਿਨਹਾ ਪਾਕਿਸਤਾਨੀ ਕਾਰੋਬਾਰੀ ਮੀਆਂ ਅਸਦ ਅਹਿਸਾਨ ਦੇ ਪੁੱਤਰ ਦੇ ਵਿਆਹ ਵਿਚ ਸ਼ਿਰਕਤ ਕਰਨ ਲਾਹੌਰ ਪੁੱਜੇ ਸਨ। ਉਨ੍ਹਾਂ ਨੇ ਵਿਆਹ ਸਮਾਰੋਹ ਵਿਚ ਕੱਵਾਲੀ ਪ੍ਰੋਗਰਾਮ ਦਾ ਵੀ ਆਨੰਦ ਲਿਆ। ਸਮਾਗਮ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਸ਼ਤਰੂਘਨ ਸਿਨਹਾ ਪਾਕਿਸਤਾਨੀ ਅਦਾਕਾਰਾ ਰੀਮਾ ਖ਼ਾਨ ਨਾਲ ਦਿਖਾਈ ਦੇ ਰਹੇ ਹਨ। ਇਹ ਵੀਡੀਓ ਇਕ ਪਾਕਿਸਤਾਨੀ ਵੈੱਬਸਾਈਟ ਆਲਪਾਕਡ੍ਰਾਮਾਆਫੀਸ਼ੀਅਲ ਵੱਲੋਂ ਸਾਂਝਾ ਕੀਤਾ ਗਿਆ ਹੈ। ਇਸ ਵਿਚ ਲਿਖਿਆ ਗਿਆ ਕਿ ਦਿੱਗਜ ਬਾਲੀਵੁੱਡ ਅਭਿਨੇਤਾ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਲਾਹੌਰ ਵਿਚ ਇਕ ਵਿਆਹ ਸਮਾਗਮ ਵਿਚ ਦਿਸੇ। ਫਿਲਮ ਸਟਾਰ ਰੀਮਾ ਖ਼ਾਨ ਵੀ ਉੱਥੇ ਮੌਜੂਦ ਸੀ।

ਉਧਰ, ਵਿਆਹ ਦਾ ਵੀਡੀਓ ਸਾਹਮਣੇ ਆਉਣ ਪਿੱਛੋਂ ਦੇਸ਼ ਦੇ ਲੋਕ ਸ਼ਤਰੂਘਨ ਸਿਨਹਾ ਨੂੰ ਟ੍ਰੋਲ ਕਰ ਰਹੇ ਹਨ। ਕੋਈ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸ ਰਿਹਾ ਹੈ ਅਤੇ ਕੋਈ ਉਨ੍ਹਾਂ ਨੂੰ ਗੰਦੀ ਰਾਜਨੀਤੀ ਕਰਨ ਵਾਲਾ ਕਹਿ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਭਾਰਤੀ ਫ਼ੌਜੀ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਦੇ ਆਪਣੀ ਜਾਨ ਨਿਛਾਵਰ ਕਰ ਰਹੇ ਹਨ ਅਤੇ ਸਾਡੇ ਬਾਲੀਵੁੱਡ ਸੈਲੇਬਿ੍ਟੀ ਪਾਕਿਸਤਾਨੀਆਂ ਨਾਲ ਆਪਣੀ ਦੋਸਤੀ ਨਿਭਾ ਰਹੇ ਹਨ। ਇਕ ਹੋਰ ਯੂਜ਼ਰ ਨੇ ਕਿਹਾ ਕਿ ਸ਼ਤਰੂਘਨ ਸਿਨਹਾ ਲਾਹੌਰ ਵਿਚ ਕੀ ਕਰ ਰਹੇ ਹਨ? ਅਸੀਂ ਉਨ੍ਹਾਂ ਤੋਂ ਇਸ ਬਾਰੇ ਵਿਚ ਪੁੱਛਾਂਗੇ ਪ੍ਰੰਤੂ ਉਹ ਸਿਰਫ਼ 'ਖ਼ਾਮੋਸ਼' ਕਹਿਣਗੇ।