ਲਾਹੌਰ (ਆਈਏਐੱਨਐੱਸ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਇਲਾਜ ਲਈ ਵਿਦੇਸ਼ ਜਾਣ ਨੂੰ ਰਾਜ਼ੀ ਹੋ ਗਏ ਹਨ। ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਉਨ੍ਹਾਂ ਦਾ ਦੇਸ਼ ਵਿਚ ਇਲਾਜ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਹੈ। ਪਾਕਿਸਤਾਨ ਸਰਕਾਰ ਨੇ ਹਾਲਾਂਕਿ ਅਜੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਸ਼ਰੀਫ਼ ਪਰਿਵਾਰ ਨਾਲ ਜੁੜੇ ਇਕ ਸੂਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਆਖ਼ਿਰਕਾਰ ਲੰਡਨ ਜਾਣ ਲਈ ਤਿਆਰ ਹੋ ਗਏ। ਡਾਕਟਰਾਂ ਨੇ ਸਾਫ਼ ਤੌਰ 'ਤੇ ਦੱਸ ਦਿੱਤਾ ਸੀ ਕਿ ਪਾਕਿਸਤਾਨ ਵਿਚ ਮੌਜੂਦ ਸਾਰੇ ਇਲਾਜ ਉਨ੍ਹਾਂ 'ਤੇ ਅਜ਼ਮਾਏ ਜਾ ਚੁੱਕੇ ਹਨ ਅਤੇ ਸਿਰਫ਼ ਵਿਦੇਸ਼ ਜਾਣ ਦਾ ਹੀ ਬਦਲ ਬਚਿਆ ਹੈ। ਇਮਰਾਨ ਸਰਕਾਰ ਦੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਵਿਦੇਸ਼ ਭੇਜਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਰੀਫ਼ ਲਾਹੌਰ ਦੇ ਸਰਵਿਸਿਜ਼ ਹਸਪਤਾਲ ਦੇ ਮੈਡੀਕਲ ਬੋਰਡ ਦੀ ਸਿਫ਼ਾਰਸ਼ ਅਤੇ ਪਰਿਵਾਰ ਦੀ ਬੇਨਤੀ ਦੇ ਬਾਵਜੂਦ ਵਿਦੇਸ਼ ਜਾਣ ਨੂੰ ਤਿਆਰ ਨਹੀਂ ਸਨ।

ਦੇਸ਼ ਤੋਂ ਬਾਹਰ ਜਾਣ 'ਤੇ ਹੈ ਰੋਕ

ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦਾ ਨਾਂ ਐਗਜ਼ਿਟ ਕੰਟਰੋਲ ਸੂਚੀ (ਈਸੀਐੱਲ) ਵਿਚ ਸ਼ਾਮਲ ਹੈ। ਇਸ ਸੂਚੀ ਵਿਚ ਸ਼ਾਮਲ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਰੋਕ ਹੁੰਦੀ ਹੈ। ਪਰਿਵਾਰਕ ਸੂਤਰਾਂ ਨੇ ਕਿਹਾ ਕਿ ਉਮੀਦ ਹੈ ਕਿ ਡਾਕਟਰਾਂ ਦੀ ਰਿਪੋਰਟ 'ਤੇ ਸਰਕਾਰ ਇਕ-ਦੋ ਦਿਨ ਵਿਚ ਸ਼ਰੀਫ਼ ਦਾ ਨਾਂ ਈਸੀਐੱਲ ਤੋਂ ਬਾਹਰ ਕਰ ਸਕਦੀ ਹੈ। ਇਸ ਨਾਲ ਉਹ ਦੇਸ਼ ਤੋਂ ਬਾਹਰ ਜਾ ਸਕਣਗੇ।

ਖ਼ਤਰਨਾਕ ਪੱਧਰ 'ਤੇ ਪੁੱਜ ਗਏ ਸਨ ਪਲੇਟਲੈਟਸ

ਭਿ੍ਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟਣ ਦੌਰਾਨ ਸ਼ਰੀਫ਼ ਦੀ 21 ਅਕਤੂਬਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਲਾਹੌਰ ਦੇ ਸਰਵਿਸਿਜ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਖ਼ੂਨ ਵਿਚ ਪਲੇਟਲੈਟਸ ਘੱਟ ਕੇ ਖ਼ਤਰਨਾਕ ਪੱਧਰ 'ਤੇ ਪੁੱਜ ਗਏ ਸਨ।