ਕਰਾਚੀ (ਏਜੰਸੀ) : ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਇੰਟਰਨੈੱਟ ਮੀਡੀਆ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਬਾਰੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ’ਤੇ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਮੈਂ ਹਮੇਸ਼ਾ ਕਪਤਾਨ ਦੇ ਰੂਪ ’ਚ ਇਮਰਾਨ ਖ਼ਾਨ ਦੀ ਸ਼ਲਾਘਾ ਕਰਦਾ ਰਿਹਾ ਹਾਂ, ਪਰ ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟ ਕਰਨ ਦਾ ਮੈਨੂੰ ਅਧਿਕਾਰ ਹੈ।

ਸਾਬਕਾ ਕਪਤਾਨ ਨੇ ਕਿਹਾ ਕਿ ਉਨ੍ਹਾਂ ਨੇ ਇਕ ਆਮ ਪਾਕਿਸਤਾਨੀ ਦੇ ਰੂਪ ’ਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਕ ਸੱਭਿਅਕ ਸਮਾਜ ’ਚ ਵਿਚਾਰਾਂ ਨਾਲ ਵਖਰੇਵੇਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਅਫਰੀਦੀ ਨੇ ਕਿਹਾ ਕਿ ਵਿਚਾਰਾਂ ਦੇ ਵਖਰੇਵੇਂ ਨੂੰ ਨਫ਼ਰਤ ’ਚ ਨਹੀਂ ਬਦਲਣਾ ਚਾਹੀਦਾ। ਜਿਓ ਨਿਊਜ਼ ਮੁਤਾਬਕ ਅਫਰੀਦੀ ਨੇ ਕਿਹਾ ਕਿ ਮੈਂ ਕਦੀ ਉਨ੍ਹਾਂ ’ਤੇ ਨਿੱਜੀ ਹਮਲੇ ਨਹੀਂ ਕੀਤੇ।

ਇਮਰਾਨ ਦੀ ਪਤਨੀ ਦੀ ਸਹੇਲੀ ਨੂੰ ਮਿਲੀ ਸੀ ਬਿਨਾਂ ਕਾਰਨ ਸੁਰੱਖਿਆ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਦੀ ਸਹੇਲੀ ਫਰਾਹ ਖ਼ਾਨ ਦੀ ਰਿਹਾਇਸ਼ ਨੂੰ ਪੰਜਾਬ ਪੁਲਿਸ ਵੱਲੋਂ ਬਿਨਾਂ ਕਾਰਨ ਸੁਰੱਖਿਆ ਮੁਹਈਆ ਕਰਵਾਈ ਗਈ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਦੇ ਪ੍ਰਧਾਨ ਮੰਤਰੀ ਬਣਦੇ ਹੀ ਫਰਾਹ ਨੂੰ ਸੁਰੱਖਿਆ ਦਿੱਤੀ ਗਈ ਸੀ। ਜਦਕਿ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੇ ਪਤੀ ਸਰਕਾਰੀ ਅਹੁਦੇ ’ਤੇ ਸਨ। ਇਮਰਾਨ ਦੇ ਸੱਤਾ ਤੋਂ ਬਾਹਰ ਹੁੰਦੇ ਹੀ ਪਿਛਲੇ ਮਹੀਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

Posted By: Shubham Kumar