ਇਸਲਾਮਾਬਾਦ (ਏਜੰਸੀਆਂ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਐਤਵਾਰ ਨੂੰ ਲੰਡਨ ਤੋਂ ਪਾਕਿਸਤਾਨ ਪਰਤ ਆਏ। ਦੱਸਣਯੋਗ ਹੈ ਕਿ ਇਕ ਦਿਨ ਪਹਿਲੇ ਹੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਾਕਿਸਤਾਨ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਦੋ ਹਫ਼ਤੇ ਦੀ ਪਾਬੰਦੀ ਲਗਾ ਦਿੱਤੀ ਸੀ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ, ਜਿੱਥੇ ਉਨ੍ਹਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ। ਪਾਕਿਸਤਾਨ ਆਉਣ ਪਿੱਛੋਂ ਉਨ੍ਹਾਂ ਨੇ ਟਵੀਟ ਕੀਤਾ, 'ਹੁਣੇ-ਹੁਣੇ ਇਸਲਾਮਾਬਾਦ 'ਚ ਉਤਰਿਆ ਹਾਂ। ਇਕ-ਦੂਜੇ ਤੋਂ ਦੂਰੀ ਬਣਾਈ ਰੱਖੋ ਅਤੇ ਆਪਣੇ ਘਰਾਂ 'ਚ ਹੀ ਰਹਿਣ ਦੀ ਕੋਸ਼ਿਸ਼ ਕਰੋ ਤਾਂਕਿ ਇਸ ਨਾਲ ਕੋਈ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ।' 68 ਸਾਲਾ ਸ਼ਾਹਬਾਜ਼ ਨੇ ਕਿਹਾ ਕਿ ਉਹ ਸ਼ਰੀਫ਼ ਦੇ ਨਿਰਦੇਸ਼ 'ਤੇ ਪਾਕਿਸਤਾਨ ਪਰਤੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੰਕਟ ਦੇ ਸਮੇਂ ਪਾਕਿਸਤਾਨ 'ਚ ਮੇਰੀ ਜ਼ਿਆਦਾ ਲੋੜ ਹੈ। ਨਵਾਜ਼ ਸ਼ਰੀਫ਼ ਨੇ ਮੈਨੂੰ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਮਦਦ ਕਰਨ ਅਤੇ ਲੋੜ ਵੇਲੇ ਉਨ੍ਹਾਂ ਵਿਚਕਾਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਆਪਣੇ ਆਉਣ ਦੇ ਬਾਅਦ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨ ਇਕ ਰਾਸ਼ਟਰ ਦੀ ਤਰ੍ਹਾਂ ਘਾਤਕ ਕੋਰੋਨਾ ਵਾਇਰਸ ਖ਼ਿਲਾਫ਼ ਲੜੇਗਾ ਅਤੇ ਉਸ ਨੂੰ ਹਰਾਏਗਾ। ਸ਼ਾਹਬਾਜ਼ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਇਲਾਜ ਜਲਦੀ ਹੀ ਸ਼ੁਰੂ ਹੋ ਜਾਵੇਗਾ ਕਿਉਂਕਿ ਉਨ੍ਹਾਂ ਦੇ ਡਾਕਟਰ ਛੁੱਟੀ ਤੋਂ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਸ਼ਰੀਫ਼ ਦੀ ਅਗਵਾਈ 'ਚ ਪੀਐੱਮਐੱਲ-ਐੱਨ ਇਕਜੁੱਟ ਹੈ।

ਮਕਬੂਜ਼ਾ ਕਸ਼ਮੀਰ ਦੇ ਆਗੂਆਂ ਵੱਲੋਂ ਮੋਦੀ ਦੇ ਕਦਮਾਂ ਦਾ ਸਮੱਰਥਨ

ਜਲਾਵਤਨ ਦਾ ਜੀਵਨ ਬਤੀਤ ਕਰ ਰਹੇ ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ-ਬਾਲਤਿਸਤਾਨ ਦੇ ਕਸ਼ਮੀਰੀ ਨੇਤਾਵਾਂ ਨੇ ਕੋਰੋਨਾ ਖ਼ਿਲਾਫ਼ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੁੱਕੇ ਗਏ ਕਦਮਾਂ ਦਾ ਸਮੱਰਥਨ ਕੀਤਾ ਹੈ। ਗਲਾਸਗੋ 'ਚ ਰਹਿਣ ਵਾਲੇ ਮਕਬੂਜ਼ਾ ਕਸ਼ਮੀਰ ਦੇ ਡਾ. ਅਮਜਦ ਅਯੂਬ ਮਿਰਜ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦੀ ਕਮੀ ਅਤੇ ਕਿਸੇ ਤਰ੍ਹਾਂ ਦੀ ਕੌਮੀ ਕਾਰਜ ਯੋਜਨਾ ਨਾ ਹੋਣ ਕਾਰਨ ਪਾਕਿਸਤਾਨ ਵਿਚ ਸਥਿਤੀ ਕੰਟਰੋਲ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਚੀਨ ਅਤੇ ਗਿਲਗਿਤ-ਬਾਲਤਿਸਤਾਨ ਵਿਚਕਾਰਲੀ ਸਰਹੱਦ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਖੇਤਰ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਖੇਤਰ ਵਿਚ ਆਈਸੋਲੇਸ਼ਨ ਦੀਆਂ ਸਹੂਲਤਾਂ ਦੀ ਕਮੀ ਦੇ ਨਾਲ ਹੀ ਟੈਸਟ ਕਿੱਟ ਦੀ ਵੀ ਕਮੀ ਹੈ। ਗਿਲਗਿਤ 'ਚ ਓਸਾਮਾ ਨਾਂ ਦਾ ਇਕ ਨੌਜਵਾਨ ਡਾਕਟਰ ਆਪਣੇ ਜੀਵਨ ਲਈ ਸੰਘਰਸ਼ ਕਰ ਰਿਹਾ ਹੈ।