ਇਸਲਾਮਾਬਾਦ (ਪੀਟੀਆਈ) : ਭਾਰਤ ਦੇ ਵਿਰੋਧ ਦੌਰਾਨ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਬਾਲਤਿਸਤਾਨ 'ਚ ਹੋਈ ਵਿਧਾਨ ਸਭਾ ਚੋਣ ਵਿਚ ਇਮਰਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਪ੍ਰੰਤੂ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰਾਂ ਦੇ ਜਿੱਤਣ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਪੀਟੀਆਈ ਨੂੰ ਸਰਕਾਰ ਬਣਾਉਣ ਵਿਚ ਦਿੱਕਤ ਨਹੀਂ ਹੋਵੇਗੀ।

ਦੱਸਣਯੋਗ ਹੈ ਕਿ ਸਾਲ 2010 ਵਿਚ ਪੇਸ਼ ਕੀਤੇ ਗਏ ਰਾਜਨੀਤਕ ਸੁਧਾਰ ਪਿੱਛੋਂ ਇਹ ਤੀਜੀ ਵਿਧਾਨ ਸਭਾ ਚੋਣ ਹੈ। ਪ੍ਰੰਪਰਾਗਤ ਰੂਪ ਤੋਂ ਜੋ ਪਾਰਟੀ ਇਸਲਾਮਾਬਾਦ ਵਿਚ ਸੱਤਾ ਵਿਚ ਹੁੰਦੀ ਹੈ ਉਹੀ ਪਾਰਟੀ ਗਿਲਗਿਤ ਬਾਲਤਿਸਤਾਨ ਦੀ ਚੋਣ ਜਿੱਤਦੀ ਹੈ। ਸਭ ਤੋਂ ਪਹਿਲੀ ਚੋਣ ਪੀਪੀਪੀ ਨੇ ਜਿੱਤੀ ਸੀ। ਉਸ ਨੂੰ 15 ਸੀਟਾਂ ਮਿਲੀਆਂ ਸਨ। ਇਸ ਪਿੱਛੋਂ ਸਾਲ 2015 ਵਿਚ ਹੋਈ ਚੋਣ ਵਿਚ ਪੀਐੱਮਐੱਲ-ਐੱਨ ਨੂੰ ਬਹੁਮਤ ਮਿਲਿਆ ਸੀ। ਉਸ ਨੂੰ 16 ਸੀਟਾਂ ਮਿਲੀਆਂ ਸਨ। ਵੈਸੇ ਤਾਂ ਚੋਣ ਨਤੀਜਿਆਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪ੍ਰੰਤੂ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਇਕੱਤਰ ਕੀਤੀ ਗਈ ਸੂਚਨਾ ਤਹਿਤ ਪੀਟੀਆਈ ਨੇ ਹੁਣ ਤਕ ਅੱਠ ਸੀਟਾਂ ਜਿੱਤੀਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ 5, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ 2, ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਅਤੇ ਮਜਲਿਸ ਬਾਹਦਤੁਲ ਮੁਸਲਮੀਨ ਨੇ ਇਕ-ਇਕ ਸੀਟ 'ਤੇ ਜਿੱਤ ਦਰਜ ਕੀਤੀ ਹੈ। ਦੁਨੀਆ ਟੀਵੀ ਮੁਤਾਬਕ ਪੀਟੀਆਈ ਨੇ 9 ਸੀਟਾਂ ਜਿੱਤੀਆਂ ਹਨ ਜਦਕਿ ਸੱਤ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਪੀਪੀਪੀ ਨੇ ਚਾਰ, ਪੀਐੱਮਐੱਲ-ਐੱਨ ਨੇ ਦੋ ਅਤੇ ਐੱਮਡਬਲਯੂਐੱਮ ਨੇ ਇਕ ਸੀਟ ਜਿੱਤੀ ਹੈ। ਵਿਧਾਨ ਸਭਾ ਵਿਚ ਕੁਲ ਸੀਟਾਂ 24 ਹਨ ਪ੍ਰੰਤੂ ਵੋਟਿੰਗ ਸਿਰਫ਼ 23 ਸੀਟਾਂ 'ਤੇ ਹੋਈ ਹੈ। ਇਕ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਚੋਣ ਵਿਚ ਚਾਰ ਔਰਤਾਂ ਸਮੇਤ 330 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ।

ਭਾਰਤ ਨੇ ਪ੍ਰਗਟਾਇਆ ਸੀ ਸਖ਼ਤ ਵਿਰੋਧ

ਭਾਰਤ ਨੇ ਗਿਲਗਿਤ ਬਾਲਤਿਸਤਾਨ ਵਿਚ ਚੋਣ ਕਰਾਉਣ 'ਤੇ ਸਖ਼ਤ ਵਿਰੋਧ ਦਰਜ ਕਰਾਇਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਪਿਛਲੇ ਦਿਨੀਂ ਗਿਲਗਿਤ ਬਾਲਤਿਸਤਾਨ ਵਿਚ ਚੋਣ ਕਰਾਉਣ ਦੇ ਪਾਕਿਸਤਾਨ ਦੇ ਐਲਾਨ 'ਤੇ ਕਿਹਾ ਸੀ ਕਿ ਫ਼ੌਜ ਰਾਹੀਂ ਕਬਜ਼ਾ ਕੀਤੇ ਗਏ ਖੇਤਰ ਦੀ ਸਥਿਤੀ ਵਿਚ ਬਦਲਾਅ ਕਰਨ ਦੇ ਕਿਸੇ ਕਦਮ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡਾ ਰੁਖ਼ ਪੂਰੀ ਤਰ੍ਹਾਂ ਸਪੱਸ਼ਟ ਹੈ। ਸੰਪੂਰਣ ਜੰਮੂ-ਕਸ਼ਮੀਰ ਅਤੇ ਲੱਦਾਖ, ਭਾਰਤ ਦਾ ਅਟੁੱਟ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ।