ਇਸਲਾਮਾਬਾਦ (ਏਐੱਨਆਈ) : ਸਾਊਦੀ ਅਰਬ ਦੀ ਸਰਕਾਰੀ ਕੰਪਨੀ ਅਰੈਮਕੋ ਦੇ ਭਾਰਤ ਦੀ ਨਿੱਜੀ ਖੇਤਰ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਿਚ ਵੱਡੇ ਨਿਵੇਸ਼ ਦੇ ਐਲਾਨ ਨਾਲ ਪਾਕਿਸਤਾਨੀਆਂ ਦਾ ਦਿਲ ਟੁੱਟ ਗਿਆ ਹੈ। ਇਸ ਨਿਵੇਸ਼ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਜੰਮੂ-ਕਸ਼ਮੀਰ ਦੇ ਦਰਜੇ ਵਿਚ ਬਦਲਾਅ 'ਤੇ ਪਾਕਿਸਤਾਨ ਸਾਊਦੀ ਅਰਬ ਸਮੇਤ ਦੁਨੀਆ ਭਰ ਦੇ ਦੇਸ਼ਾਂ ਤੋਂ ਸਮਰਥਨ ਜੁਟਾਉਣ ਵਿਚ ਲੱਗਾ ਹੈ।

ਪਾਕਿਸਤਾਨ ਵਿਚ ਟਵਿੱਟਰ ਯੂਜ਼ਰਸ ਨੇ ਇਸ ਐਲਾਨ ਨੂੰ ਕਸ਼ਮੀਰ ਨਾਲ ਜੋੜਦੇ ਹੋਏ ਜੰਮ ਕੇ ਭੜਾਸ ਕੱਢੀ। ਇਕ ਪਾਕਿਸਤਾਨੀ ਨੇ ਲਿਖਿਆ, 'ਕੋਈ ਭਾਈਚਾਰਾ ਨਹੀਂ ਅਤੇ ਕੋਈ ਧਾਰਮਿਕਤਾ ਨਹੀਂ। ਸਿਰਫ ਕਾਰੋਬਾਰੀ ਭਾਈਵਾਲੀ...।' ਇਕ ਹੋਰ ਨੇ ਲਿਖਿਆ, 'ਇਹ ਤਾਂ ਬੇਹੱਦ ਨਿਰਾਸ਼ਾਜਨਕ ਹੈ। ਭਾਈ ਪਿਛਿਓ ਛੁਰਾ ਨਹੀਂ ਮਾਰਦੇ ਜਾਂ ਦੁਸ਼ਮਣ ਨਾਲ ਹੱਥ ਨਹੀਂ ਮਿਲਾਉਂਦੇ।' ਇਕ ਹੋਰ ਪਾਕਿਸਤਾਨੀ ਟਵਿੱਟਰ ਯੂਜ਼ਰ ਨੇ ਲਿਖਿਆ, ਇਹ ਇਕ ਦੁਖ ਦੇਣ ਵਾਲੀ ਸੱਚਾਈ ਹੈ। ਜੇਕਰ ਸਾਊਦੀ ਅਰਬ ਨੇ ਮੁਸਲਮਾਨਾਂ ਨਾਲ ਸਲੂਕ ਅਤੇ ਕਸ਼ਮੀਰ ਦੀ ਪਿੱਠਭੂਮੀ ਵਿਚ ਭਾਰਤ ਨੂੰ ਸਿਰਫ਼ ਇਸ ਨਿਵੇਸ਼ 'ਤੇ ਮੁੜ ਵਿਚਾਰ ਦੇ ਸੰਕੇਤ ਹੀ ਦੇ ਦਿੱਤੇ ਹੁੰਦੇ।' ਇਕ ਹੋਰ ਯੂਜ਼ਰ ਨੇ ਲਿਖਿਆ, ਕੀ ਕੋਈ ਕਸ਼ਮੀਰ 'ਤੇ ਸਾਊਦੀ ਦੀ ਖਾਮੋਸ਼ੀ 'ਤੇ ਹੈਰਾਨੀ ਪ੍ਰਗਟਾ ਰਿਹਾ ਹੈ।'

ਇਕ ਹੋਰ ਪਾਕਿਸਤਾਨੀ ਨੇ ਲਿਖਿਆ, 'ਸਹੀ ਮਾਅਨਿਆਂ ਵਿਚ ਵਿਸ਼ੇਸ਼ ਦੋਸਤੀ!' ਇਕ ਹੋਰ ਯੂਜ਼ਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਆਪਣੀ ਲਿਮੋਜਿਨ ਵਿਚ ਲਿਜਾਉਣ ਦੇ ਵਾਕਿਆ ਦਾ ਜ਼ਿਕਰ ਕਰਦੇ ਹੋਏ ਲਿਖਿਆ, 'ਹਵਾਈ ਅੱਡੇ ਤੋਂ ਪ੍ਰਿੰਸ ਨੂੰ ਲੈ ਕੇ ਜਾਣਾ ਓਨਾ ਕੂਲ ਨਹੀਂ ਹੈ ਜਿੰਨਾ 75 ਅਰਬ ਡਾਲਰ ਦੀ ਕੰਪਨੀ ਹੋਣਾ।'