ਲਾਹੌਰ (ਏਜੰਸੀਆਂ) : ਪਾਕਿਸਤਾਨ ਵਿਚ ਸਿਆਸੀ ਘਮਸਾਨ ਤੇਜ਼ ਹੁੰਦਾ ਜਾ ਰਿਹਾ ਹੈ। ਵਿਰੋਧੀ ਗੱਠਜੋੜ ਦੀ ਪਹਿਲੀ ਸ਼ਕਤੀ ਪ੍ਰਦਰਸ਼ਨ ਰੈਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐੱਮਐੱਲ-ਐੱਨ ਮੁਖੀ ਨਵਾਜ਼ ਸ਼ਰੀਫ ਨੇ ਇਮਰਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਫ਼ੌਜ ਅਤੇ ਆਈਐੱਸਆਈ ਦੇ ਹੱਥਾਂ ਦੀ ਕਠਪੁਤਲੀ ਹੈ।

ਨਵਾਜ਼, ਸਰਕਾਰ ਖ਼ਿਲਾਫ਼ 11 ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂੁਵਮੈਂਟ (ਪੀਡੀਐੱਮ) ਦੀ ਪਹਿਲੀ ਸ਼ਕਤੀ ਪ੍ਰਰੀਖਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਹ ਰੈਲੀ ਸ਼ੁੱਕਰਵਾਰ ਰਾਤ ਲਾਹੌਰ ਤੋਂ 80 ਕਿਲੋਮੀਟਰ ਦੂਰ ਗੁਜਰਾਂਵਾਲਾ ਵਿਚ ਹੋਈ। ਨਵਾਜ਼ ਲੰਡਨ ਤੋਂ ਵੀਡੀਓ ਲਿੰਕ ਦੇ ਮਾਧਿਅਮ ਰਾਹੀਂ ਬੋਲ ਰਹੇ ਸਨ।

ਦੱਸਣਯੋਗ ਹੈ ਕਿ 20 ਸਤੰਬਰ ਨੂੰ 11 ਵਿਰੋਧੀ ਪਾਰਟੀਆਂ ਨੇ ਪੀਡੀਐੱਮ ਨਾਂ ਨਾਲ ਗੱਠਜੋੜ ਬਣਾ ਕੇ ਇਮਰਾਨ ਸਰਕਾਰ ਖ਼ਿਲਾਫ਼ ਵਿਰੋਧ ਦੀ ਵਿਆਪਕ ਰਣਨੀਤੀ ਤਿਆਰ ਕੀਤੀ ਹੈ। ਤਿੰਨ ਪੜਾਵਾਂ ਲਈ ਤਿਆਰ ਕੀਤੇ ਗਏ ਐਕਸ਼ਨ ਪਲਾਨ ਵਿਚ ਜਨਵਰੀ 2021 'ਚ ਵੱਡੇ ਮਾਰਚ ਤੋਂ ਪਹਿਲੇ ਵੱਡੀਆਂ ਰੈਲੀਆਂ, ਪ੍ਰਦਰਸ਼ਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਨਵਾਜ਼ ਨੇ ਕਿਹਾ ਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਹੀ 2018 ਵਿਚ ਮੇਰੇ ਖ਼ਿਲਾਫ਼ ਸਾਜ਼ਿਸ਼ ਰੱਚਦੇ ਹੋਏ ਨਾਕਾਬਿਲ ਇਮਰਾਨ ਨੂੰ ਸੱਤਾ ਸੌਂਪ ਦਿੱਤੀ। ਮੇਰੀ ਸਰਕਾਰ ਡੇਗਣ ਵਿਚ ਬਾਜਵਾ ਦੇ ਨਾਲ ਆਈਐੱਸਆਈ ਦੇ ਮੁਖੀ ਫੈਜ਼ ਹਮੀਦ ਦਾ ਹੱਥ ਸੀ। ਇਨ੍ਹਾਂ ਦੋਵਾਂ ਨੇ ਹੀ ਇਮਰਾਨ ਸਰਕਾਰ ਨੂੰ ਗਿ੍ਫ਼ਤ ਵਿਚ ਲੈ ਰੱਖਿਆ ਹੈ। ਤੁਸਂੀਂ ਮੈਨੂੰ ਗ਼ਦਾਰ ਕਹੋ, ਮੇਰੀ ਜਾਇਦਾਦ ਜ਼ਬਤ ਕਰ ਲਵੋ, ਝੂਠੇ ਕੇਸ ਲਗਾ ਲਵੋ ਪ੍ਰੰਤੂ ਮੈਂ ਜਨਤਾ ਲਈ ਲੜਦਾ ਰਹਾਂਗਾ।

ਦੱਸਣਯੋਗ ਹੈ ਕਿ ਸ਼ਰੀਫ 'ਤੇ ਪਾਕਿਸਤਾਨ ਵਿਚ ਭਿ੍ਸ਼ਟਾਚਾਰ ਦੇ ਕਈ ਮਾਮਲੇ ਚੱਲ ਰਹੇ ਹਨ। ਨਵੰਬਰ ਮਹੀਨੇ ਵਿਚ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ ਖ਼ਰਾਬ ਸਿਹਤ ਕਾਰਨ ਇਲਾਜ ਲਈ ਉਨ੍ਹਾਂ ਨੂੰ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਸੀ। ਸ਼ੁੱਕਰਵਾਰ ਨੂੰ ਵਿਰੋਧੀ ਗਠਜੋੜ ਪੀਡੀਐੱਮ ਦਾ ਪਹਿਲਾ ਸ਼ਕਤੀ ਪ੍ਰਦਰਸ਼ਨ ਸੀ। ਇਸ ਰੈਲੀ ਵਿਚ ਪੀਡੀਐੱਮ ਦੇ ਪ੍ਰਧਾਨ ਫਜ਼ਲੁਰ ਰਹਿਮਾਨ ਨੇ ਐਲਾਨ ਕੀਤਾ ਕਿ ਦਸੰਬਰ ਵਿਚ ਇਮਰਾਨ ਸਰਕਾਰ ਦਾ ਬੋਰੀਆ-ਬਿਸਤਰਾ ਬੱਝ ਜਾਵੇਗਾ।

ਵਿਰੋਧੀ ਪਾਰਟੀਆਂ ਨੇ ਰਾਜਨੀਤੀ ਵਿਚ ਫ਼ੌਜ ਦੇ ਦਖ਼ਲ ਦੀ ਖੁੱਲ੍ਹੇ ਤੌਰ 'ਤੇ ਆਲੋਚਨਾ ਕੀਤੀ। ਨਾਲ ਹੀ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਹਟਾਉਣ ਲਈ ਹਰ ਲੋਕਤੰਤਿ੍ਕ ਤਰੀਕਾ ਅਪਣਾਉਣਗੇ, ਬੇਭਰੋਸਗੀ ਪ੍ਰਸਤਾਵ ਲਿਆਉਣਗੇ ਅਤੇ ਸਮੂਹਿਕ ਅਸਤੀਫ਼ਾ ਦੇਣਗੇ। ਰੈਲੀ ਵਿਚ ਪੀਪੀਪੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਵੀ ਮੌਜੂਦ ਸੀ।